ਪੰਜਾਬ

ਚੀਫ ਖਾਲਸਾ ਦੀਵਾਨ ਚੋਣਾਂ : ਰੋਕ ਦੇ ਫੈਸਲੇ ਦੀ ਵਾਪਸੀ ਲਈ ਨਿਰਮਲ ਸਿੰਘ ਧੜਾ ਕੱਲ ਜਾਵੇਗਾ ਅਦਾਲਤ

ਅਮ੍ਰਿਤਸਰ 3 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ‘ਤੇ ਅਮ੍ਰਿਤਸਰ ਦੀ ਹੇਠਲੀ ਅਦਾਲਤ ਵਲੋਂ ਅਗਲੇ ਹੁਕਮਾਂ ਤੱਕ ਲਗਾਈ ਗਈ ਰੋਕ ਦੇ ਵਿਰੁਧ ਮਜੀਠਾ – ਅਣਖੀ ਧੜੇ ਵਲੋਂ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਵਲੋਂ ਕਲ ਨੂੰ ਅਦਾਲਤ ‘ਚ ਉਹਨਾਂ ਦਾ ਪਖ ਸੁਨਣ ਅਤੇ ਰੋਕ ਹਟਾਉਣ ਲਈ ਅਪੀਲ ਦਾਖਲ ਕੀਤਾ ਜਾਵੇਗਾ। ਜਿਸ ਪ੍ਰਤੀ ਤਿਆਰੀਆਂ ਕੀਤੀਆਂ ਜਾ ਚੁਕੀਆਂ ਹਨ।

ਭਾਗ ਸਿੰਘ ਅਣਖੀ, ਨਿਰਮਲ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਸਵਿੰਦਰ ਸਿੰਘ ਕਥੂਨੰਗਲ, ਡਾ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਆਪਣੀ ਹਾਰ ਬਰਦਾਸ਼ਤ ਨਾ ਕਰਦਿਆਂ ਬੁਖਲਾਹਟ ਵਿਚ ਚੋਣਾਂ ਨੂੰ ਟਾਲਣ ਲਈ ਅਦਾਲਤ ‘ਚ ਪਹੁੰਚਿਆ ਗਿਆ। ਪਰ ਅਜ ਨਹੀਂ ਤਾਂ ਕਲ ਚੋਣਾਂ ਤਾਂ ਹੋਣੀਆਂ ਹੀ ਹਨ ਅਤੇ ਵਿਰੋਧੀਆਂ ਨੂੰ ਨਿਮੋਸ਼ੀਜਨ ਹਾਰ ਦਾ ਸਾਹਮਣਾ ਕਰਨਾ ਹੀ ਪਵੇਗਾ। ਉਹਨਾਂ ਦਸਿਆ ਕਿ ਸ੍ਰੀਮਤੀ ਰਾਜਬੀਰ ਕੌਰ ਦੀ ਅਦਾਲਤ ਵਲੋਂ ਉਹਨਾਂ ਦਾ ਪਖ ਸੁਣੇ ਬਗੈਰ ਚੋਣਾਂ ‘ਤੇ ਰੋਕ ਲਾਉਣ ਦੇ ਇਕ ਤਰਫਾ ਫੈਸਲੇ ਨੂੰ ਉਹ ਚੁਨੌਤੀ ਦੇਣਗੇ ਅਤੇ ਉਸੇ ਅਦਾਲਤ ਵਿਚ ਆਪਣਾ ਪਖ ਰਖਣ ਅਤੇ ਰੋਕ ਹਟਾਏ ਜਾਣ ਲਈ ਅਪੀਲ ਕਰਨਗੇ। ਉਹਨਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀਆਂ ਰੂਲਿੰਗਾਂ ਦਾ ਹਵਾਲਾ ਦਿੰਦਿਆਂ ਦਸਿਆ ਕਿ ਜਦ ਕਿਸੇ ਵੀ ਚੋਣ ਦੀ ਚੋਣ ਪ੍ਰਕਿਰਿਆ ਅੰਤਮ ਪੜਾਅ ‘ਤੇ ਪਹੁੰਚ ਚੁਕੀ ਹੋਵੇ ਤਾਂ ਉਸ ਸਮੇਂ ਉਸ ਚੋਣ ਨੂੰ ਬਿਨਾ ਕਿਸ ਵੱਡੇ ਵਜਾਹ ‘ਤੇ ਰੋਕਿਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਵਿਰੋਧੀ ਧਿਰ ਨੂੰ ਜਿਨਾਂ ਵੋਟਾਂ ‘ਤੇ ਇਤਰਾਜ ਸੀ ਉਨਾਂ ਨੂੰ ਐਗਜੈਕਟਿਵ ਦੀ ਮੀਟਿੰਗ ਦੌਰਾਨ ਵੋਟਰ ਸੂਚੀ ਵਿਚੋਂ ਹਟਾਈਆਂ ਜਾ ਚੁਕੀਆਂ ਸਨ, ਅਤੇ ਚੋਣ ਅਧਿਕਾਰੀਆਂ ਵਲੋਂ ਕੋਈ ਗਲਤ ਵੋਟ ਨਹੀਂ ਪੈਣ ਦਿਤੀ ਜਾਵੇਗੀ ਬਾਰੇ ਫੈਸਲਾ ਸਭ ਨੁੰ ਜਾਣੂ ਕਰਇਆ ਜਾ ਚੁਕਾ ਸੀ। ਅਜਿਹੇ ‘ਚ ਇਸ ਮੁਦੇ ਨੂੰ ਅਦਾਲਤ ‘ਚ ਲੈ ਕੇ ਜਾਣ ਦੀ ਕੋਈ ਤੁੱਕ ਨਹੀਂ ਸੀ ਬਣਦੀ। ਵਿਰੋਧੀਆਂ ਵਲੋਂ ਇਸ ਮੁਦੇ ਨੂੰ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਲੈ ਕੇ ਜਾਣਾ ਅਤੇ ਫਿਰ ਉਥੋਂ ਮਿਲੇ ਆਦੇਸ਼ ਦੀ ਪਾਲਣਾ ਕਰਨ ਦੀ ਥਾਂ ਅਦਾਲਤ ਵਿਚ ਜਾਣਾ ਇਹ ਸਾਬਤ ਕਰਦਾ ਹੈ ਕਿ ਇਨਾਂ ਲੋਕਾਂ ਦਾ ਆਪਣੀ ਹਾਰ ਬਰਦਾਸ਼ਤ ਨਾ ਕਰਦਿਆਂ ਇਸ ਚੋਣ ਨੂੰ ਡਿਲੇਅ ਕਰਾਉÎਣਾ ਹੀ ਅਸਲ ਮਕਸਦ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦਾ ਸਨਮਾਨ ਨਾ ਕਰ ਕੇ ਵਿਰੋਧੀ ਧਿਰ ਦਾ ਅਖੌਤੀ ਪੰਥਕ ਚਹਿਰਾ ਵੀ ਬੇਨਕਾਬ ਹੋਗਿਆ ਹੈ। ਉਹਨਾਂ ਕਿਹਾ ਕਿ ਚੋਣਾਂ ‘ਤੇ ਰੋਕ ਲਵਾਉਣ ਸਦਕਾ ਵਿਰੋਧੀਆਂ ਦੀ ਅਸਲੀਅਤ ਤੋਂ ਸੰਗਤਾਂ ‘ਚ ਜਿਥੇ ਹੈਰਾਨੀ ਪਾਈ ਜਾ ਰਹੀ ਹੈ ਉਥੇ ਹੀ ਪੰਥਕ ਸੰਸਥਾ ਚੀਫ ਖਾਲਸਾ ਦੀਵਾਨ ਦੀ ਚੋਣ ਰੁਕਵਾ ਕੇ ਇਸ ਨੂੰ ਸਹੀ ਹਥਾਂ ‘ਚ ਜਾਣ ਦੇਣ ਤੋਂ ਰੋਕਣ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅਦਾਲਤ ‘ਚ ਵੀ ਵਿਰੋਧੀਆਂ ਨੂੰ ਇਕ ਵਾਰ ਫਿਰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਮਨਮੋਹਨ ਸਿੰਘ, ਜਸਪਾਲ ਸਿੰਘ ਢਿੱਲੋ, ਇੰਜੀ: ਜਸਪਾਲ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ ਭਾਟੀਆ, ਰਜਿੰਦਰ ਸਿੰਘ ਮਰਵਾਹ, ਪ੍ਰਿੰਸ ਸੁਖਜਿੰਦਰ ਸਿੰਘ, ਸਤਨਾਮ ਸਿੰਘ ਮੁੰਬਈ, ਵਿਕਰਮ ਸਿੰਘ ਦਿੱਲੀ, ਭੁਪਿੰਦਰ ਸਿੰਘ ਕਾਨਪੁਰ, ਪ੍ਰੋ: ਹਰੀ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਭਗਵੰਤਪਾਲ ਸਿੰਘ ਸੱਚਰ ਅਤੇ ਪ੍ਰੋ ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *