ਪੰਜਾਬ

ਮੁੱਖ ਮੰਤਰੀ ਵੱਲੋਂ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਬਾਰੇ ਕਿਤਾਬ ਜਾਰੀ

ਚੰਡੀਗੜ੍ਹ, 24 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਜਾ ਦੇ ਪੋਤੇ ਬ੍ਰਿਗੇਡੀਅਰ (ਸੇਵਾਮੁਕਤ) ਸੁਖਜੀਤ ਸਿੰਘ ਵੱਲੋ ਸਿੰਥੇਆ ਫਰੈਡਰਿਕ ਦੇ ਨਾਲ ਮਿਲਕੇ ”ਪ੍ਰਿੰਸ, ਪੈਟਰਨ ਐਂਡ ਪੈਟਰਿਆਚ ਮਹਾਰਾਜਾ ਜਗਤਜੀਤ ਸਿੰਘ ਆਫ ਕਪੂਰਥਲਾ” ਨਾਂ ਦੀ ਲਿਖੀ ਗਈ ਕਿਤਾਬ ਨੂੰ ਰਲੀਜ਼ ਕੀਤਾ।

ਇਸ ਮੌਕੇ ਲੇਖਕਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਮਹਾਰਾਜਾ ਨੂੰ ਕਪੂਰਥਲਾ ਦੇ ਆਧੁਨਿਕੀਕਰਨ ਦਾ ਇੱਕ ਉਸਰਈਆ ਦੱਸਿਆ। ਉਸਨੇ ਆਪਣੇ ਦਾਦਾ ਭੁਪਿੰਦਰ ਸਿੰਘ ਵੱਲੋਂ ਮਹਾਰਾਜਾ ਜਗਤਜੀਤ ਸਿੰਘ ਦੇ ਨਾਲ ਮਿਲਕੇ ਪਟਿਆਲਾ ਅਤੇ ਕਪੂਰਥਲਾ ਨੂੰ ਆਧੁਨਕੀਕਰਨ ਦੇ ਰਾਹੀਂ ਵਿਸ਼ਵ ਨਕਸ਼ੇ ‘ਤੇ ਲਿਆਉਣ ਨੂੰ ਯਾਦ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਕਿਤਾਬ ਨੂੰ ਕਪੂਰਥਲਾ ਦੇ ਪੁਰਾਣੇ ਬੇਮਿਸਾਲ ਸ਼ਾਹੀ ਰਾਜੇ ਨੂੰ ਉਨ੍ਹਾਂ ਪੋਤਰੇ ਵੱਲੋਂ ਇਕ ਸੱਚੀ ਸਰਧਾਂਜਲੀ ਦੱਸਿਆ। ਮੁੱਖ ਮੰਤਰੀ ਨੇ ਮਹਾਰਾਜੇ ਦੀ ਦੂਰ-ਦ੍ਰਿਸ਼ਟੀ ਨੂੰ ਦਰਸ਼ਕਾਂ ਦੇ ਸਾਹਮਣੇ ਉਜਾਗਰ ਕੀਤਾ। ਉਨ੍ਹਾਂ ਨੇ 6 ਸਾਲ ਦੀ ਉਮਰ ਵਿੱਚ ਮਹਾਰਾਜਾ ਨਾਲ ਮੁਲਾਕਾਤ ਨੂੰ ਵੀ ਯਾਦ ਕੀਤਾ ਅਤੇ ਮਹਾਰਾਜ ਦੇ ਪੋਤੇ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਬਹਾਦਰੀ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਇਸ ਕਿਤਾਬ ਨੂੰ ਗਿਆਨ ਦਾ ਸ੍ਰੋਤ ਦਸਦੇ ਹੋਏ ਕਿਹਾ ਕਿ ਇਹ ਕਪੂਰਥਲਾ ਦੀ ਰਿਆਸਤ ਦੇ ਆਖਰੀ ਰਾਜੇ ਬਾਰੇ ਨੌਜਵਾਨ ਪੀੜ੍ਹੀ ਲਈ ਗਿਆਨ ਹਾਸਲ ਕਰਨ ਲਈ ਉੱਚ ਦਰਜੇ ਦੀ ਪੁਸਤਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਰਿਵਾਰ ਦੇ ਨਾਲ ਇਤਿਹਾਸਕ ਸਬੰਧਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਮਹਾਰਾਜਾ ਜਗਤਜੀਤ ਸਿੰਘ ਦੇ ਬਹੁ-ਪੱਖੀ ਸੁਭਾਅ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ ਜੋ ਕਿ ਇਕ ਸਹੀ ਅਤੇ ਪ੍ਰਗਤੀਸ਼ੀਲ ਸ਼ਾਸਕ ਸਨ।
ਉਨ੍ਹਾਂ ਕਿਹਾ ਕਿ 1920 ਅਤੇ 1930 ਦੇ ਦਹਾਕੇ ਯੂਰਪ ਦੇ ਸੁਨਹਿਰੀ ਸਾਲ ਸਨ ਅਤੇ ਕੁਝ ਭਾਰਤੀ ਸ਼ਾਸਕਾਂ ਨੇ ਇਸ ਖੇਤਰ ਦਾ ਇਹ ਦੇਖਣ ਲਈ ਦੌਰਾ ਕੀਤਾ ਕਿ ਉਹ ਆਪਣੇ ਸੂਬੇ ਦੇ ਭਲੇ ਲਈ ਪੰਜਾਬ ਕੀ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਜਗਤਜੀਤ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਪਿਛਲੇ12 ਪੀੜ੍ਹੀਆਂ ਤੋਂ ਸਬੰਧ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਵਿੱਚ ਸੁਨਹਰੀ ਯੁੱਗ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਇਤਿਹਾਸਕ ਤੱਥਾਂ ਤੋਂ ਅੱਗ ਜਾ ਕੇ ਦੇਖਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਜਗਤਜੀਤ ਸਿੰਘ ਇਕ ਵਿਦਵਾਨ ਸ਼ਾਸਕ ਸਨ ਜਿਨ੍ਹਾਂ ਨੇ ਆਧੁਨਿਕਤਾ ਨੂੰ ਅਪਣਾਇਆ ਅਤੇ ਆਪਣੇ ਪੂਰਵਜਾਂ ਦੇ ਰੀਤੀ ਰਿਵਾਜਾਂ ਨੂੰ ਕਾਇਮ ਰੱਖਿਆ। ਉਹ ਆਪਣੇ ਪਰਿਵਾਰ ਅਤੇ ਲੋਕਾਂ ਲਈ ਇਕ ਦਿਆਲੂ ਮੁਖੀ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਤਾਬ ਦੇ ਸਾਰੇ 22 ਅਧਿਆਇ ਉਨ੍ਹਾਂ ਦੇ ਵੱਖ-ਵੱਖ ਗੁਣਾਂ ਦਾ ਪ੍ਰਗਟਾਵਾ ਕਰਦੇ ਹਨ।
ਕੈਪਟਨ ਅਮਰਿੰਦਰ ਨੇ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਸਰਾਹਨਾ ਕੀਤੀ ਅਤੇ ਬ੍ਰਿਗੇਡੀਅਰ ਸੁਖਜੀਤ ਦੁਆਰਾ 1971 ਦੀ ਭਾਰਤ-ਪਾਕਿ ਜੰਗ ਦੌਰਾਨ ਦਿਖਾਈ ਗਈ ਬਹਾਦਰ ਨੂੰ ਮਾਨਤਾ ਵਾਲੇ ਪੁਸਤਕ ਵਿੱਚੋਂ ਇਕ ਪੈਰ੍ਹੇ ਨੂੰ ਪੜ੍ਹਿਆ ਜਿਸ ਵਿੱਚ ਉਨ੍ਹਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਸੁਖਜੀਤ ਸਿੰਘ ਦੀ ਜੰਗ ਦੇ ਮੈਦਾਨ ਵਿੱਚ ਪ੍ਰੇਰਨਾਦਾਇਕ ਲੀਡਰਸ਼ਿਪ ਦਾ ਜ਼ਿਕਰ ਕੀਤਾ ਜਿੱਥੇ ਉਨ੍ਹਾਂ ਨੇ ਮਾਲਕਪੁਰ ਵਿਖੇ ਭਾਰੀ ਤੋਪਖਾਨੇ ਅਤੇ ਮੋਰਟਾਰ ਨਾਲ ਕਾਰਵਾਈ ਦੌਰਾਨ ਆਪਣੇ ਹੁਨਰ ਅਤੇ ਹੌਂਸਲੇ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅੱਗੇ ਵਧਕੇ ਅੱਠ ਟੈਂਕਾਂ ਅਤੇ ਕੁਝ ਪਾਕਿਸਤਾਨੀ ਅਫਸਰਾਂ ਨਾਲ ਟੱਕਰ ਲਈ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਸੀ। ਸੁਖਜੀਤ ਸਿੰਘ ਨੇ ਸਿਧਾਂਤਾਂ ਦੇ ਆਧਾਰ ‘ਤੇ ਫੌਜ ਛੱਡ ਦਿੱਤੀ ਸੀ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਉਸ ਸਮੇਂ ਫੌਜ ਵਿੱਚ ਭਰਤੀ ਹੋਣ ਲਈ ਸਲਾਹ ਦਿੱਤੀ ਸੀ ਜਦੋ ਉਹ ਕੇਵਲ 14 ਸਾਲ ਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਭਰਾ ਸਮਝਿਆ ਹੈ। ਹਾਲਾਂਕਿ ਮੈਂ ਪਹਿਲਾਂ ਹੀ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਕਰ ਲਿਆ ਸੀ ਪਰ ਜਦੋਂ ਪੱਤਰ ਪ੍ਰਾਪਤ ਹੋਇਆ ਤਾਂ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਬ੍ਰਿਗੇਡੀਅਰ ਸੁਖਜੀਤ ਸਿੰਘ ਕੌਣ ਸੀ। ਮੈਨੂੰ ਬਾਅਦ ਵਿਚ ਫੌਜ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਬਾਰੇ ਪਤਾ ਲੱਗਾ ਅਤੇ ਉਦੋਂ ਤੋਂ ਅਸੀਂ ਲਗਾਤਾਰ ਸੰਪਰਕ ਵਿਚ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਕਥਾ-ਵਾਰਤਾ ਅਤੇ ਇਤਿਹਾਸ ਦੇ ਨਾਲ-ਨਾਲ ਇਹ ਪੁਸਤਕ ਉਨ੍ਹਾਂ ਦੇ ਦਾਦੇ ਨਾਲ ਬਹੁਤ ਸਾਰੇ ਵਿਚਾਰ ਵਟਾਂਦਰੇ ਨਾਲ ਭਰਪੂਰ ਹੈ ਜੋ ਕਿ ਜੀਵਨ ਦੇ ਬਹੁਤ ਸਬਕ ਸਿਖਾਉਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬ ਵਿੱਚ ਬ੍ਰਿਟਿਸ਼ ਸਾਮਰਾਜੀ ਭਾਰਤ ਦੇ ਇਕ ਜਮਹੂਰੀ ਗਣਰਾਜ ਵਿੱਚ ਪਰਿਵਰਤਨ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਹ 1872 ਤੋਂ 1949 ਤੱਕ ਮਹਾਰਾਜਾ ਜਗਤਜੀਤ ਸਿੰਘ ਦੇ ਜੀਵਨ ਅਤੇ ਸਮੇਂ ਨਾਲ ਮੇਲ ਖਾਂਦਾ ਹੈ।
ਕੈਪਟਨ ਅਮਰਿੰਦਰ ਨੇ ਵਿਆਪਕ ਖੋਜ ਲਈ ਦੋਵਾਂ ਲੇਖਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਮਹਾਰਾਜਾ ਜਗਤਜੀਤ ਸਿੰਘ ਨਾਲ ਸਬੰਧਤ ਮਹੱਤਵਪੂਰਨ ਘਟਨਾਵਾਂ ਦੇ ਵੱਖ-ਵੱਖ ਪੜਾਵਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਆਪਣੇ ਦਾਦਾ ਜੀ ਬਾਰੇ ਭਰਪੂਰ ਸਮਝ ਅਤੇ ਹੁਨਰ ਦੇ ਨਾਲ ਲਿਖਿਆ ਅਤੇ ਉਨ੍ਹਾਂ ਨੂੰ ਪੇਸ਼ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਬਾਰੇ ਸ਼ਾਹੀ ਪੱਤਰ ਵਿਹਾਰ ਅਤੇ ਪੁਰਾਲੇਖ ਕਿਤਾਬ ਪੜ੍ਹਨ ਲਈ ਪਾਠਕਾਂ ਨੂੰ ਪ੍ਰੇਰਿਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਸਤਕ ਨੇ ਕਪੂਰਥਲਾ ਪਰਿਵਾਰ ਦੇ ਸਮੁੱਚ ਨੂੰ ਸ਼ਾਨਦਾਰ ਢੰਗ ਨਾਲ ਆਪਣੇ ਵਿੱਚ ਸਮੋਹ ਲਿਆ ਹੈ।
ਇਸ ਮੌਕੇ ਬੋਲਦੇ ਹੋਏ ਪੰਜਾਬ ਦੇ ਰਾਜਪਾਲ ਸ੍ਰੀ ਬਦਨੌਰ ਨੇ ਕਿਹਾ ਕਿ ਉਹ ਦੋ ਸ਼ਾਹੀ ਪਰਿਵਾਰਾਂ ਦੇ ਵਿੱਚ ਆਪਣੇ-ਆਪਣੇ ਨੂੰ ਬਹੁਤ ਮਾਣ ਭਰਪੂਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਤਾਬ ਕਾਫੀ ਟੇਬਲ ਬੁੱਕ ਨਾਲੋਂ ਵਧ ਹੈ ਅਤੇ ਇਸ ਵਿੱਚ ਵਿਸਤ੍ਰਿਤ ਖ਼ੋਜ ਕੀਤੀ ਗਈ ਹੈ ਜੋ ਕਿ ਪਹਿਲੀ ਅਤੇ ਦੂਜੀ ਸਨਅਤੀ ਕ੍ਰਾਂਤੀ ਵਿਚਕਾਰਲੇ ਸਮੇਂ ਦੇ ਪਿਛੋਕੜ ਵਿੱਚ ਹੈ। ਇਸ ਵਿੱਚ ਮਹੱਤਵਪੂਰਨ ਘਟਨਾਵਾਂ ਅਤੇ ਵਿਸ਼ਵ ਦੇ ਵਿਕਾਸ ਨੂੰ ਦਰਸਾਇਆ ਗਿਆ ਹੈ।
ਇਸ ਸਮੇਂ ਦੌਰਾਨ ਕੁਝ ਪ੍ਰਮੁੱਖ ਸ਼ਾਸਕ ਸਨ ਜਿਨ੍ਹਾਂ ਵਿੱਚ ਰਾਜਸਥਾਨ ਵਿੱਚ ਗੰਗਾ ਸਿੰਘ ਅਤੇ ਪੰਜਾਬ ਵਿੱਚ ਭੂਪਿੰਦਰ ਸਿੰਘ ਅਤੇ ਜਗਤਜੀਤ ਸਿੰਘ ਸਨ। ਇਨ੍ਹਾਂ ਸਾਰੇ ਰਾਜਿਆਂ ਨੇ ਆਪਣੇ ਸੂਬਿਆਂ ਵਿੱਚ ਮਹਾਨ ਕੰਮ ਕੀਤਾ। ਉਨ੍ਹਾਂ ਕਿਹਾ ਕਿ ਰਾਜਸਥਾਨ ਸ਼ਾਹੀ ਪਰਿਵਾਰ ਨੇ ਆਪਣੇ ਮਹਿਲ ਨੂੰ ਹੋਟਲ ਵਿੱਚ ਤਬਦੀਲ ਕਰ ਦਿੱਤਾ ਅਤੇ ਪੰਜਾਬ ਵਿੱਚ ਉਨ੍ਹਾਂ ਨੇ ਸਭ ਕੁਝ ਲੋਕਾਂ ਦੀ ਭਲਾਈ ਲਈ ਦੇ ਦਿੱਤਾ। ਰਾਜਪਾਲ ਨੇ ਕਪੂਰਥਲਾ ਮਹਿਲ ਵਿਖੇ ਚੱਲ ਰਹੇ ਸਕੂਲ ਅਤੇ ਮੋਤੀ ਮਹਿਲ ਪਟਿਆਲਾ ਵਿਖੇ ਚੱਲ ਰਹੇ ਸਪੋਰਟ ਇੰਸਟੀਚਉਟ ਦੀ ਉਦਾਹਰਣ ਦਿੱਤੀ।
ਇਸ ਮੌਕੇ ‘ਤੇ ਬੋਲਦੇ ਹੋਏ ਸਿੰਥੇਆ ਮੀਰਾ ਫਰੈਡਰਿਕ ਨੇ ਕਿਹਾ ਕਿ ਫਰੈਂਚ ਆਰਕੀਟੈਕਚਰ ਪ੍ਰਤੀ ਮਹਾਰਾਜਾ ਦੇ ਪਿਆਰ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇਸ ਕਿਤਾਬ ਨੂੰ ਰਲੀਜ਼ ਕਰਨ ਲਈ ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਤਾਬ ਰਸਮੀ ਤੌਰ’ ‘ਤੇ ਚੰਡੀਗੜ੍ਹ ਵਿਚ ਰਲੀਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਜਗਤਜੀਤ ਸਿੰਘ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾਬੰਦੀ ਪ੍ਰਤੀ ਬਹੁਤ ਭਾਵੁਕ ਸਨ। ਉਨ੍ਹਾਂ ਨੇ ਆਧੁਨਿਕਤਾ ਨੂੰ ਚੰਗੀ ਤਰ੍ਹਾਂ ਅਪਣਾਇਆ ਅਤੇ ਉਹ ਇਕ ਬਹੁਤ ਹੀ ਅਗਾਂਹਵਧੂ ਖਿੱਚ ਵਾਲੇ ਸ਼ਾਸਕ ਸਨ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਕਿਤਾਬ ਲਿਖਣ ਵਿੱਚ ਆਈਆਂ ਚੁਣੌਤੀਆਂ ਦਾ ਜ਼ਿਕਰ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮੁਹਿੰਦਰਾ, ਮਨਪ੍ਰੀਤ ਸਿੰਘ ਬਾਦਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸ਼ੇਸ ਸਕੱਤਰ ਮੁੱਖ ਮੰਤਰੀ ਗੁਰਕੀਰਤ ਕ੍ਰਿਪਾਲ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਡੀ.ਜੀ.ਪੀ. ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ, ਵਿੱਤ ਸਕੱਤਰ ਅਨਿਰੁੱਧ ਤਿਵਾੜੀ, ਫੌਜ ਦੇ ਸਾਬਕਾ ਮੁਖੀ ਵੀ.ਪੀ. ਮਲਿਕ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਹਾਜ਼ਰ ਸਨ।

Leave a Reply

Your email address will not be published. Required fields are marked *