ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਨਵੇਂ ਚੁਣੇ ਪੰਚ-ਸਰਪੰਚ ਵਿਕਾਸ ਦੀ ਮਿਸਾਲ ਪੇਸ ਕਰਨ : ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਨਵੇ ਚੁਣੇ ਪੰਚਾਂ ਸਰਪੰਚਾਂ ਨੂੰ ਚੁਕਾਈ ਸਹੁੰ
ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਸਰਕਾਰ ਜਾਰੀ ਕਰੇਗੀ 600 ਕਰੋੜ ਰੁਪਏ ਦੀ ਗ੍ਰਾਂਟ
ਨਵੇਂ ਚੁਣੇ ਪੰਚ ਸਰਪੰਚ ਵਿਕਾਸ ਪੱਖ ਤੋਂ ਪਿੰਡਾਂ ਦੀ ਅਸਲ ਤਸਵੀਰ ਸਾਹਮਣੇ ਲੈ ਕੇ ਆਉਣ : ਬਾਜਵਾ
ਪਟਿਆਲਾ 11 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨਵੇਂ ਚੁਣੇ ਗਏ ਪੰਚਾਂ, ਸਰਪੰਚਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਸਹੁੰ ਚੁਕਾਈ। ਪੰਚਾਇਤਾਂ ਨੂੰ ਸਹੁੰ ਚੁਕਾਉਣ ਦੇ ਨਾਲ ਨਾਲ ਸਮਾਜ ਨੂੰ ਨਸ਼ਾ ਰਹਿਤ ਕਰਨ ਦਾ ਵੀ ਸੰਕਲਪ ਦਿਵਾਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਤੇ ਕਿਹਾ ਦੇਸ਼ ਤੇ ਸੂਬੇ ਦੀ ਤਰੱਕੀ ‘ਚ ਪੰਚਾਇਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਨੂੰ ਮੈਂ ਅਸਲ ਚੋਣ ਮੰਨਦਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਤਰੱਕੀ ਦੇ ਵਿਕਾਸ ਲਈ ਸਰਕਾਰ ਜਲਦ ਹੀ 600 ਕਰੋੜ ਤੋਂ ਵੱਧ ਦੀ ਗ੍ਰਾਂਟ ਕਰਨ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜੱਦੀ ਹਲਕੇ ‘ਚ ਸ਼ਾਂਤਮਈ ਢੰਗ ਨਾਲ ਨੇਪਰੇ ਚੜੀ ਪੰਚਾÎਇਤੀ ਚੋਣ ਨੇ ਇਹ ਮਿਸਾਲ ਪੇਸ਼ ਕੀਤੀ ਐ ਕਿ ਸਰਕਾਰ ਨੇ ਸੂਬੇ ‘ਚ ਪਾਰਦਰਸ਼ਤਾ ਦੇ ਆਧਾਰ ‘ਤੇ ਚੋਣ ਕਰਵਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਦੀਆਂ ਪੰਚਾਇਤੀ ਚੋਣਾਂ ‘ਚ ਔਰਤਾਂ ਨੂੰ ਵੱਡੇ ਪੱਧਰ ‘ਤੇ ਨੁਮਾਇੰਦਗੀ ਮਿਲੀ ਹੈ ਅਤੇ ਸਰਪੰਚ ਅਤੇ ਪੰਚ ਬਣੀਆਂ ਔਰਤਾਂ ਨੂੰ ਸਮਾਜ ਦੇ ਕਲਿਆਣ ਅਤੇ ਪਿੰਡਾਂ ਦੇ ਬਹੁਪੱਖੀ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ‘ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।
ਸਮਾਗਮ ਦੌਰਾਨ ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੁੰ ਮੁਬਾਰਕ ਦਿੰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਦੀ ਨੀਂਹ ਪਿੰਡਾਂ ਤੋਂ ਰੱਖੀ ਜਾਂਦੀ ਹੈ, ਜਿਸ ਲਈ ਜਿੱਤੀਆਂ ਪੰਚਾਇਤਾਂ ਨੂੰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ‘ਚ ਯੋਗਦਾਨ ਪਾਉਣ ਵਿਚ ਵਿਕਾਸ ਦੀ ਤਸਵੀਰ ਪਿੰਡਾਂ ਤੋਂ ਪੇਸ਼ ਕਰਨੀ ਹੋਵੇਗੀ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਨਸ਼ੇ ਦੇ ਖਾਤਮੇ ਕੀਤੇ ਵਾਅਦੇ ਮੁਤਾਬਕ ਅੱਜ ਭਾਵੇਂ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ, ਪਰ ਫਿਰ ਵੀ ਅੱਜ ਛੋਟੇ ਪੱਧਰ ‘ਤੇ ਨਸ਼ੇ ਦੇ ਖਾਤਮੇ ਲਈ ਪੰਚਾਇਤਾਂ ਨੂੰ ਅੱਗੇ ਆਉਣਾ ਹੋਵੇਗਾ। ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਪਿੰਡ ਪੱਧਰ ਦੀ ਧੜੇਬੰਦੀ ਖਤਮ ਕਰਦੇ ਹੋਏ ਵਿਕਾਸ ਪੱਖ ਤੋਂ ਪਿੰਡਾਂ ਦੀ ਅਸਲ ਤਸਵੀਰ ਪੇਸ਼ ਕਰਨ ‘ਚ ਕੰਮ ਕਰਨੇ ਹੋਣਗੇ, ਜਿਸ ਰਹਿੰਦੇ ਸਮੇਂ ਤੱਕ ਮਿਸਾਲ ਬਣੇ ਰਹਿਣ।
ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ‘ਚ ਔਰਤ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਅਤੇ ਕਿਸੇ ਵੀ ਖੇਤਰ ‘ਚ ਔਰਤਾਂ ਹੁਣ ਪਿੱਛੇ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਪੰਚਾਇਤੀ ਚੋਣਾਂ ‘ਚ ਕਈ ਔਰਤਾਂ ਸਰਪੰਚ ਪੰਚ ਚੁਣੀਆਂ ਗਈਆਂ ਹਨ, ਜਿਨਾਂ ਨੂੰ ਪਿੰਡਾਂ ਦੇ ਵਿਕਾਸ ‘ਚ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੰਮ ਕਰਕੇ ਵਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਦੀ ਤਸਵੀਰ ਨੂੰ ਬਦਲਣ ਲਈ ਸਰਕਾਰ ਹਰ ਸੰਭਵ ਸਹਾਇਤਾ ਦੇਵੇਗੀ ਤੇ ਗ੍ਰਾਂਟ ਪੱਖ ਤੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਨਵੇਂ ਚੁਣੇ ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ‘ਚ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਸਮੌਤ ਨੇ ਜਿਥੇ ਨਵੀਆ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ, ਉਥੇ ਹੀ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਲਈ ਪ੍ਰੇਰਿਆ ਤੇ ਬਾਦਲਾਂ ‘ਤੇ ਵਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ‘ਚ ਸੂਬੇ ਦੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਕੀਤਾ ਗਿਆ, ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ‘ਚ ਜ਼ਿਮਨੀ ਚੋਣਾਂ, ਨਗਰ ਨਿਗਮ ਤੇ ਪੰਚਾਇਤਾਂ ਚੋਣਾਂ ਪਾਰਦਰਸ਼ਤਾਂ ‘ਤੇ ਜਿੱਤੀਆਂ ਗਈਆਂ। ਧਰਮਸੌਤ ਨੇ ਸੁਖਬੀਰ ਬਾਦਲ ਸਮੇਤ ਬਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨ ਲਾਏ ‘ਤੇ ਕਿਹਾ ਕਿ ਬਾਦਲ ਪਰਿਵਾਰ ਵਿਕਾਸ ਦੇ ਝੂਠੇ ਦਾਅਵੇ ਕਰ ਰਿਹਾ, ਜਦਕਿ ਪ੍ਰਕਾਸ਼ ਪੁਰਬ ਸਮਾਗਮਾਂ ਲਈ ਬੀਬੀ ਬਾਦਲ ਅੱਜ ਤੱਕ ਕੇਂਦਰ ਸਰਕਾਰ ਤੋਂ ਗ੍ਰਾਂਟ ਤੱਕ ਜਾਰੀ ਨਹੀਂ ਕਰਵਾ ਸਕੀ।ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵੀਆਂ ਚੁਣੇ ਪੰਚਾਂ ਸਰਪੰਚਾਂ ਨੂੰ ਪਿੰਡਾਂ ਨੂੰ ਵਿਕਾਸ ਦੀ ਲੀਹ ‘ਤੇ ਲਿਆਉਣ ਦਾ ਹੋਕਾ ਵੀ ਦਿੱਤਾ।

