ਪੰਜਾਬ

ਪਰਵਾਸੀ ਸਾਹਿਤ ਦੇ ਮਸਲਿਆਂ ਸੰਬੰਧੀ ਚੱਲ ਰਹੀ ਤਿੰਨ ਰੋਜ਼ਾ ਕਾਨਫਰੰਸ ਸੰਪੰਨ

ਪਟਿਆਲਾ 11 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਖੇ ਪਰਵਾਸੀ ਸਾਹਿਤ ਦੇ ਮਸਲਿਆਂ ਸੰਬੰਧੀ ਚੱਲ ਰਹੀ ਤਿੰਨ ਰੋਜ਼ਾ ਕਾਨਫਰੰਸ ਅੱਜ ਸੈਨੇਟ ਹਾਲ ਵਿਖੇ ਹੋਏ ਵਿਦਾਇਗੀ ਸਮਾਰੋਹ ਉਪਰੰਤ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ ਘੁੰਮਣ ਵੱਲੋਂ ਕਾਨਫਰੰਸ ਦੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੰਵਾਦ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਲਦੇ ਇਕ ਅਕਾਦਮਿਕ ਸ਼ੈਸਨ ਵਿਚ ਵੀ ਡਾ. ਘੁੰਮਣ ਵੱਲੋਂ ਵਿਸ਼ੇਸ ਰੂਪ ਵਿਚ ਸ਼ਿਰਕਤ ਕੀਤੀ ਸੀ ਜਿੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਅਕਾਦਮਿਕ ਦੌਰ ਵਿਚ ਕੋਈ ਵੀ ਅਨੁਸ਼ਾਸਨ ਜਾਂ ਵਿਸ਼ਾ ਸੁਤੰਤਰ ਰੂਪ ਵਿਚ ਵਿਚਾਰੇ ਜਾਣ ਤੇ ਤਰੱਕੀ ਨਹੀਂ ਕਰਦਾ ਬਲਕਿ ਇਸ ਨੂੰ ਹੋਰਨਾਂ ਵਿਸ਼ਿਆਂ ਅਤੇ ਅਨੁਸ਼ਾਸਨਾਂ ਨਾਲ ਜੋੜ ਕੇ ਵਾਚਣ ਦੀ ਲੋੜ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਅਧਿਐਨ ਸਮਾਜਿਕ ਵਿਗਿਆਨਾਂ ਨਾਲ ਜੋੜ ਕੇ ਵੀ ਕੀਤਾ ਜਾਣਾ ਚਾਹੀਦਾ ਹੈ। ਨਾਲ਼ ਹੀ ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਕੰਮ ਕਰਨ ਲਈ ਬਕਾਇਦਾ ਰੂਪ ਵਿਚ ਕੋਈ ਸੈਂਟਰ ਵੀ ਸਥਾਪਿਤ ਹੋ ਸਕਦਾ ਹੈ।
ਵਿਦਾਇਗੀ ਸਮਾਰੋਹ ਵਿਚ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਦੇ ਲਗਾਤਾਰ ਆਯੋਜਨ ਨਾਲ ਹੀ ਪੰਜਾਬੀਅਤ ਦੇ ਮਸਲਿਆਂ ਦੀ ਗੱਲ ਤੁਰਦੀ ਰਹਿੰਦੀ ਹੈ।
ਵਿਦਾਇਗੀ ਭਾਸ਼ਣ ਲਈ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪਹੁੰਚੇ ਡਾ. ਰਵੇਲ ਸਿੰਘ ਵੱਲੋਂ ਕਿਹਾ ਗਿਆ ਕਿ ਸਾਨੂੰ ਪਰਵਾਸੀ ਸਾਹਿਤ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਇਸ ਦੀਆਂ ਸੰਭਾਵਨਾਵਾਂ ਬਾਰੇ ਵੀ ਵੱਧ ਤੋਂ ਵੱਧ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਵਾਸੀ ਲੇਖਕ ਜਿਸ ਵੀ ਭੂਗੋਲਿਕ ਖਿੱਤੇ ਵਿਚ ਵਸਦੇ ਹਨ, ਉੱਥੋਂ ਦੇ ਸਥਾਨਕ ਸਾਹਿਤ ਅਤੇ ਲੇਖਕਾਂ ਨਾਲ ਉਨ੍ਹਾਂ ਨੂੰ ਰਾਬਤਾ ਬਣਾਉਣਾ ਚਾਹੀਦਾ ਹੈ।
ਕਾਨਫਰੰਸ ਦੀ ਰਿਪੋਰਟ ਡਾ. ਪਰਮੀਤ ਕੌਰ ਵੱਲੋਂ ਪੜ੍ਹੀ ਗਈ ਅਤੇ ਕਾਨਫਰੰਸ ਬਾਰੇ ਆਪਣੇ ਅਨੁਭਵ ਖਾਲਿਦ ਹੁਸੈਨ (ਜੰਮੂ ਕਸ਼ਮੀਰ), ਪਰਮਿੰਦਰ ਸੋਢੀ (ਜਪਾਨ), ਨਛੱਤਰ (ਦਿੱਲੀ), ਅਤੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਵੱਲੋਂ ਸਾਂਝੇ ਕੀਤੇ ਗਏ। ਵਿਦਾਇਗੀ ਸਮਾਰੋਹ ਵਿਚ ਪਰਵਾਸੀ ਲੇਖਕਾਂ ਦੇ ਨੁਮਾਇੰਦੇ ਵਜੋਂ ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਵੱਲੋਂ ਸ਼ਿਰਕਤ ਕੀਤੀ ਗਈ।
ਅੰਤ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਸਭ ਦਾ ਰਸਮੀ ਰੂਪ ਵਿਚ ਧੰਨਵਾਦ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਦਾ ਸੰਚਾਲਨ ਡਾ. ਭੀਮਇੰਦਰ ਸਿੰਘ ਵੱਲੋਂ ਕੀਤਾ ਗਿਆ।

Leave a Reply

Your email address will not be published. Required fields are marked *