20 ਜਨਵਰੀ ਨੂੰ ਪੰਜਾਬ ਭਰ ਦੇ ਐੱਨ.ਐੱਚ.ਐੱਮ ਮੁਲਾਜ਼ਮ ਕਰਨਗੇ ਪਟਿਆਲਾ ਵਿਖੇ ਰੋਸ ਰੈਲੀ
ਪਟਿਆਲਾ 18 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ 9 ਹਜ਼ਾਰ ਦੇ ਕਰੀਬ ਮੈਡੀਕਲ ਅਤੇ ਪੈਰਾ ਮੈਡੀਕਲ ਮੁਲਾਜ਼ਮ ਬਹੁਤ ਹੀ ਘੱਟ ਉੱਕਾ-ਪੁੱਕਾ ਤਨਖਾਹਾਂ ਉੱਤੇ ਕੰਮ ਕਰ ਰਹੇ ਹਨ।
ਇਸ ਮਿਸ਼ਨ ਤਹਿਤ ਕੰਮ ਕਰਦੇ ਕਈ ਮੁਲਾਜ਼ਮਾਂ ਦੀ ਉਮਰ ਵੀ ਇੰਨੀ ਹੋ ਗਈ ਹੈ ਕਿ ਉਹ ਹੁਣ ਕਿਸੇ ਰੈਗੂਲਰ ਨੌਕਰੀ ਅਪਲਾਈ ਕਰਨ ਦੇ ਯੋਗ ਵੀ ਨਹੀਂ ਰਹੇ।ਪੇਅ-ਸਕੇਲ ਅਤੇ ਰੈਗੂਲਰ ਹੋਣ ਦੀ ਆਸ ਨੂੰ ਲੈ ਕੇ ਹਜ਼ਾਰਾਂ ਮੁਲਾਜ਼ਮ ਇਸ ਮਿਸ਼ਨ ਵਿੱਚ ਆਪਣੀ ਜ਼ਿੰਦਗੀ ਦਾਅ ਉੱਤੇ ਲਾ ਕੇ ਬੈਠੇ ਹਨ।ਇਸ ਰੋਸ ਵਜੋਂ 20 ਜਨਵਰੀ ਐਤਵਾਰ ਨੂੰ ਪੰਜਾਬ ਦੇ ਸਮੂਹ ਕੱਚੇ ਸਿਹਤ ਕਾਮੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਮਹਾਂ ਰੈਲੀ ਕਰਨ ਜਾ ਰਹੇ ਹਨ। ਇਸ ਜਾਣਕਾਰੀ ਦਾ ਪ੍ਰਗਟਾਵਾ ਐਨ.ਐਚ.ਐਮ ਇੰਪਲਈਜ ਯੂਨੀਆਨ ਪੰਜਾਬ ਸੂਬਾ ਪ੍ਰਧਾਨ ਅਮਰਜੀਤ ਸਿੰਘ, ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ । ਉਨ੍ਹਾ ਕਿਹਾ ਕਿ ਇਸ ਰੋਸ ਮੁਜ਼ਾਹਰੇ ਦੌਰਾਨ ਰੋਡ ਜ਼ਾਮ, ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਮੁਲਾਜ਼ਮ ਇਸ ਸਮੇਂ ਬਹੁਤ ਹੀ ਤਰਸਯੋਗ ਜ਼ਿੰਦਗੀ ਜੀ ਰਹੇ ਹਨ। ਹਰਿਆਣਾ ਰਾਜ ਨੇ ਹਰਿਆਣਾ ਵਿੱਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਮਚਾਰੀਆਂ ਵਾਂਗ ਸਹੂਲਤਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪੇਅ ਸਕੇਲ ਅਨੁਸਾਰ ਪੂਰੀ ਤਨਖਾਹ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਰਾਜ ਦੀ ਤਰਜ ਉੱਤੇ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅੱਗੇ ਗੁਹਾਰ ਲਾਈ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਜਲਦੀ ਤੋਂ ਜਲਦੀ ਕੋਈ ਠੋਸ ਨੀਤੀ ਬਣਾ ਕੇ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਇਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਅਤੇ ਇਹ ਮੁਲਾਜ਼ਮ ਰੈਗੂਲਰ ਕਰਮਚਾਰੀਆਂ ਵਾਂਗ ਸਹੂਲਤਾਂ ਪ੍ਰਾਪਤ ਕਰ ਸਕਣ। ਜਿਲ੍ਹਾ ਪ੍ਰਧਾਨ ਰਘਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਿਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਪੰਜ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੀ ਨਿਖੇਧੀ ਕਰਦੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ ਦਾ ਮੁਲਾਜਮ ਮਾਰੂ ਚਿਹਰਾਂ ਸਾਹਮਣੇ ਆਇਆ ਹੈ ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਘਰ-ਘਰ ਨੌਕਰੀ ਅਤੇ ਕੱਚੇ ਮੁਲਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਨੌਕਰੀ ਤਾਂ ਕੀ ਦੇਣੀ ਹੈ ਸਗੋਂ ਜੋ ਪਹਿਲਾ ਤੋਂ ਠੇਕੇ ਦੇ ਆਧਾਰ ਤੇ ਨੌਕਰੀ ਕਰ ਰਹੇ ਹਨ ਉਨ੍ਹਾ ਤੋਂ ਵੀ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਇਸ ਮੌਕੇ ਜਗਜੀਤ ਸਿੰਘ, ਹਰੀਸ਼ ਕੁਮਾਰ, ਦੇਵ ਰਾਜ, ਰਮੇਸ਼ ਕੁਮਾਰ ਲਵਿੰਦਰ ਸਿੰਘ, ਤ੍ਰਿਪਤਾ ਰਾਣੀ, ਮਨਪ੍ਰੀਤ ਕੌਰ, ਹੇਮਾ ਰਾਵਲ, ਅਮਿਤ ਜੈਨ ਅਤੇ ਸੋਨਿਕਾ ਰਾਣੀ ਮੌਜੂਦ ਸਨ।

