ਟ੍ਰੈਫਿਕ ਪੁਲਿਸ ਨੇ 37 ਸਕੂਲਾਂ ਤੇ ਕਾਲਜਾਂ ਦੇ ਕਰਵਾਏ ਮੁਕਾਬਲੇ
225 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ
ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ
ਪਟਿਆਲਾ, 7 ਫਰਵਰੀ (ਮਧੂਸਾਰ ਬਿਊਰੋ) 30ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਦੇ ਸਬੰਧ ਵਿੱਚ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਪਟਿਆਲਾ ਵਿਖੇ ਅੰਤਰ ਸਕੂਲ ਅਤੇ ਕਾਲਜ ਦਾ ਪੇਂਟਿੰਗ, ਸਲੋਗਨ, ਕੁਇਜ਼ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਐਸ.ਪੀ.ਟ੍ਰੈਫਿਕ ਤੇ ਸੁਰੱਖਿਆ ਪਟਿਆਲਾ ਸ.ਹਰਮੀਤ ਸਿੰਘ ਹੁੰਦਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆ ਇੰਚਾਰਜ ਟ੍ਰੈਫਿਕ ਪੁਲਿਸ ਪਟਿਆਲਾ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਕਰੀਬ 37 ਸਕੂਲਾਂ ਅਤੇ ਕਾਲਜਾਂ ਦੇ 225 ਤੋਂ ਵੱਧ ਵਿਦਿਆਰਥੀਆ ਨੇ ਭਾਗ ਲਿਆ ਹੈ।
ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਰੋਡ ਸੇਫਟੀ ਅਤੇ ਬਚਾਉ ਸਬੰਧੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਅਤੇ ਪ੍ਰਣ ਕੀਤਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਦੇ ਰਹਿਣਗੇ। ਇਸ ਮੌਕੇ ‘ਤੇ ਮੁੱਖ ਮਹਿਮਾਨ ਐਸ.ਪੀ.ਟ੍ਰੈਫਿਕ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮਮੈਟੋਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਭਾਗ ਲੈਣ ਆਏ ਬੱਚਿਆ ਨੂੰ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਜੱਜ ਦੀ ਭੂਮਿਕਾ ਐਡਵੋਕੇਟ ਜੋਗਿੰਦਰ ਸਿੰਘ, ਮੈਡਮ ਮਨਜੀਤ ਕੌਰ, ਜੋਗਾ ਸਿੰਘ, ਐਸ.ਐਸ. ਬਰਾੜ ਅਤੇ ਕਾਕਾ ਰਾਮ ਵਰਮਾ ਵੱਲੋਂ ਨਿਭਾਈ ਗਈ। ਐਸ.ਪੀ.ਟ੍ਰੈਫਿਕ ਸ.ਹਰਮੀਤ ਸਿੰਘ ਹੁੰਦਲ ਨੇ ਬੱਚਿਆ ਨੂੰ ਕਿਹਾ ਕਿ 18 ਸਾਲ ਤੋਂ ਪਹਿਲਾ ਵਹੀਕਲ ਨਾ ਚਲਾਉਣ ਬਾਰੇ ਅਤੇ ਆਪਣੇ ਮਾਤਾ ਪਿਤਾ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਪ੍ਰੇਰਿਤ ਕਰਨ, ਏ.ਐਸ.ਆਈ.ਗੁਰਜਾਪ ਸਿੰਘ ਨੇ ਸੈਮੀਨਾਰ ਦੌਰਾਨ ਆਏ ਸਾਰੇ ਵਿਦਿਆਰਥੀ ਤੇ ਅਧਿਆਪਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਡਾਕੂਮੈਂਟਰੀ ਫਿਲਮਾਂ ਮਲਟੀਮੀਡੀਆ ਰਾਹੀਂ ਦਿਖਾਈਆ ਗਈਆ ਅਤੇ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸੁਹੰ ਵੀ ਚੁਕਾਈ। ਇੱਥੇ ਸੜਕ ਹਾਦਸਿਆ ਦੌਰਾਨ ਜਖਮੀ ਵਿਅਕਤੀਆਂ ਦੀ ਮਦਦ ਕਰਨ ਸੁਰਵਿੰਦਰ ਸਿੰਘ ਛਾਬੜਾ ਅਤੇ ਜੈ ਸਿੰਘ ਮਠਾਰੂ ਨੂੰ ਭਾਈ ਘਨਈਆ ਜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਸਪੈਕਟਰ ਕਰਨੈਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੜਕੀ ਹਾਦਸਿਆਂ ਵਿੱਚ ਜਖਮੀ ਹੋਣ ਵਾਲੇ ਵਿਅਕਤੀਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਮਦਦ ਕਰਨ ਵਾਲੇ ਵਿਅਕਤੀਆ ਨੂੰ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਪੁੱਛ-ਗਿੱਛ ਨਹੀਂ ਕੀਤੀ ਜਾਵੇਗੀ ਬਲਕਿ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਦੱਸਿਆ ਗਿਆ ਕਿ 13 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਨਾ ਦਸਿਆ ਜਾਵੇ ਬਲਕਿ ਇੱਕਲੇ ਸੜਕ ਤੇ ਨਾ ਜਾਣ ਬਾਰੇ ਸਮਝਾਇਆ ਜਾਵੇ।
ਇਸ ਮੌਕੇ ਇੰਸਪੈਕਟਰ ਪੁਸ਼ਪਾ ਦੇਵੀ ਇੰਚਾਰਜ ਐਜ਼ੂਕੇਸ਼ਨ ਸੈਲ, ਲੀਗਲ ਅਥਾਰਟੀ ਦੇ ਜੀ.ਐਸ.ਭਾਟੀਆ, ਗੁਰਕੀਰਤ ਕੌਰ, ਟ੍ਰੈਫਿਕ ਮਾਰਸ਼ਲ, ਪ੍ਰਿੰਸੀਪਲ ਨੀਰਜ ਸੇਠੀ ਸਮੇਤ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ।

