ਦੀਨਾਨਗਰ-ਬਹਿਰਾਮਪੁਰ ਫਾਟਕ ‘ਤੇ ਰੇਲਵੇ ਓਵਰਬ੍ਰਿਜ ਉਸਾਰਣ ਦਾ ਨੀਂਹ ਪੱਥਰ ਰੱਖਿਆ
ਕਾਂਗਰਸ ਸਰਕਾਰ ਝੂਠੇ ਵਾਅਦੇ ਨਹੀਂ ਵਿਕਾਸ ਕਰਨ ‘ਚ ਯਕੀਨ ਰੱਖਦੀ ਹੈ : ਜਾਖੜ
ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ : ਅਰੁਣਾ ਚੌਧਰੀ
ਦੀਨਾਨਗਰ, 18 ਫਰਵਰੀ (ਸਰਬਜੀਤ ਸਾਗਰ/ਮਧੂਸਾਰ ਬਿਊਰੋ)
ਦੀਨਾਨਗਰ-ਬਹਿਰਾਮਪੁਰ ਰੇਲਵੇ ਫਾਟਕ ‘ਤੇ ਬਣਨ ਵਾਲੇ ਓਵਰਬ੍ਰਿਜ ਅਤੇ ਥਾਣਾ ਚੌਕ ਨੂੰ ਚੌੜਾ ਕਰਨ ਦੇ ਅਹਿਮ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਅਤੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਵੱਲੋਂ ਸਾਂਝੇ ਰੂਪ ਵਿੱਚ ਰੱਖਿਆ ਗਿਆ। ਇਹ ਪ੍ਰੋਜੈਕਟ ਕਰੀਬ 74 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣਗੇ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਰੇਲਵੇ ਫਾਟਕ ਦੇ ਵਾਰ-ਵਾਰ ਬੰਦ ਰਹਿਣ ਕਾਰਨ ਮੁਕਸ਼ਲਾਂ ਝੱਲਦੇ ਆ ਰਹੇ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਰੇਲਵੇ ਓਵਰਬ੍ਰਿਜ ਬਣਾ ਕੇ ਰਾਹਤ ਦਿੱਤੀ ਜਾਵੇਗੀ। ਇਸ ਲਈ ਕਈ ਮਹੀਨਿਆਂ ਦੀ ਕਰੜੀ ਮੇਹਨਤ ਤੋਂ ਬਾਅਦ ਅਖ਼ੀਰ ਇਹ ਪ੍ਰੋਜੈਕਟ ਮਨਜ਼ੂਰ ਹੋ ਕੇ ਪੈਸੇ ਰਿਲੀਜ਼ ਕਰ ਦਿੱਤੇ ਗਏ ਹਨ ਅਤੇ ਨੀਂਹ ਪੱਥਰ ਰੱਖ ਕੇ ਪੁਲ ਦੀ ਉਸਾਰੀ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸ਼੍ਰੀ ਜਾਖੜ ਨੇ ਇਸ ਵੱਡੇ ਪ੍ਰੋਜੈਕਟ ਨੂੰ ਮਨਜ਼ੂਰ ਕਰਵਾਉਣ ਲਈ ਹਲਕਾ ਵਿਧਾਇਕਾ ਤੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਝੂਠੇ ਵਾਅਦੇ ਨਹੀਂ ਬਲਕਿ ਕੰਮ ਕਰਨ ‘ਚ ਯਕੀਨ ਰੱਖਦੀ ਹੈ। ਜਿਸਦੀ ਤਾਜ਼ਾ ਉਦਾਹਰਣ ਦੀਨਾਨਗਰ ‘ਚ ਮਨਜ਼ੂਰ ਹੋਏ ਕਰੋੜਾਂ ਰੁਪਏ ਪ੍ਰੋਜੈਕਟ ਹਨ।
ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦਾਅਵਾ ਕੀਤਾ ਕਿ ਸੀਵੇਜ ਟਰੀਟਮੈਂਟ ਪਲਾਂਟ, ਰੇਲਵੇ ਓਵਰਬ੍ਰਿਜ, ਥਾਣਾ ਚੌਕ ਨੂੰ ਚੌੜਾ ਕਰਨਾ, ਪਿੰਡ ਦਬੂੜੀ ‘ਚ ਨਵੋਦਿਆ ਸਕੂਲ, ਮੀਰਥਲ ਤੋਂ ਦੀਨਾਨਗਰ ਤੱਕ ਕੰਕਰੀਟ ਵਾਲੀ ਸੜਕ ਅਤੇ ਦੀਨਾਨਗਰ ਤੋਂ ਗਾਹਲੜੀ ਤੱਕ 33 ਫੁੱਟ ਚੌੜੀ ਨਵੀਂ ਬਣ ਰਹੀ ਸੜਕ ਸਮੇਤ ਕਈ ਹੋਰ ਪ੍ਰੋਜੈਕਟ ਜੋ ਉਨ੍ਹਾਂ ਦੁਆਰਾ ਸ਼ੁਰੂ ਕਰਵਾਏ ਗਏ ਹਨ, ਇਨ੍ਹਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰਾ ਕਰਕੇ ਜਨਤਾ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ਤੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੀਨਾਨਗਰ ਦੇ ਲੋਕਾਂ ਨੂੰ ਅਵਾਖਾਂ ਰੇਲਵੇ ਫਾਟਕ ਜੋ ਰੇਲਗੱਡੀਆਂ ਦੀ ਆਵਾਜਾਈ ਦੌਰਾਨ ਅਕਸਰ ਬੰਦ ਰਹਿੰਦਾ ਸੀ, ਦੀ ਸਮੱਸਿਆ ਤੋਂ ਹੁਣ ਨਿਜ਼ਾਤ ਮਿਲ ਜਾਵੇਗੀ। ਉਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਵੇਖਦਿਆਂ ਹਲਕਾ ਵਾਸੀਆਂ ਨਾਲ ਦੀਨਾਨਗਰ ਨੂੰ ਸਬ ਡਵੀਜ਼ਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਉਸਨੂੰ ਪੂਰਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ, ਐਸਡੀਓ ਨਰੇਸ਼ ਤ੍ਰਿਪਾਠੀ, ਸ਼ਹਿਰੀ ਪ੍ਰਧਾਨ ਨੀਟੂ ਚੌਹਾਨ, ਚੇਅਰਮੈਨ ਜਿੰਮੀ ਬਰਾੜ, ਮੀਡੀਆ ਇੰਚਾਰਜ ਦੀਪਕ ਭੱਲਾ, ਰਮੇਸ਼ ਕੁਮਾਰ ਮੇਸ਼ਾ ਅਤੇ ਡਾ. ਪ੍ਰਦੀਪ ਤੁਲੀ ਤੋਂ ਇਲਾਵਾ ਕਾਂਗਰਸੀ ਵਰਕਰ ਵੱਡੀ ਗਿਣਤੀ ‘ਚ ਹਾਜ਼ਰ ਸਨ।

