ਪੰਜਾਬਪਟਿਆਲਾ

ਵਿਰਾਸਤੀ ਉਤਸਵ ਦੇ ਤੀਜੇ ਦਿਨ ਪਟਿਆਲਾ ਵਾਸੀਆਂ ਨੇ ਕੀਤੀ ਵਿਰਾਸਤੀ ਸਥਾਨਾਂ ਦੀ ਸੈਰ

ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਆਪਣੇ ਸ਼ਹਿਰ ਦੀ ਢਾਈ ਸ਼ਤਾਬਦੀਆਂ ਪੁਰਾਣੀ ਵਿਰਾਸਤ ਤੋਂ ਜਾਣੂ ਕਰਵਾਉਣਾ ਸ਼ਲਾਘਾਯੋਗ ਉਪਰਾਲਾ-ਆਈ.ਜੀ. ਰਾਏ
ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫ਼ਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਤੀਜੇ ਦਿਨ ਅੱਜ ਪਟਿਆਲਾ ਦੀ ਨੌਜਵਾਨ ਪੀੜ੍ਹੀ ਨੂੰ ਸ਼ਹਿਰ ਦੇ ਵਿਰਾਸਤੀ ਸਥਾਨਾਂ ਦਾ ਦੌਰਾ ਕਰਵਾਉਣ ਲਈ ਪਟਿਆਲਾ ਫਾਊਂਡੇਸ਼ਨ ਵੱਲੋਂ ਇਕ ਵਿਰਾਸਤੀ ਸੈਰ (ਹੈਰੀਟੇਜ ਵਾਕ) ਦਾ ਆਯੋਜਨ ਕੀਤਾ ਗਿਆ।

ਇਸ ਵਿਰਾਸਤੀ ਸੈਰ ਨੂੰ ਆਈ.ਜੀ. ਪਟਿਆਲਾ ਸ. ਏ.ਐਸ. ਰਾਏ ਨੇ ਸ਼ਾਹੀ ਸਮਾਧਾਂ ਤੋਂ ਝੰਡੀ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ. (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਣ ਅਤੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਆਹਲੂਵਾਲੀਆ ਅਤੇ ਹੋਰ ਪਤਵੰਤੇ ਮੌਜੂਦ ਸਨ।
ਇਸ ਵਿਰਾਸਤੀ ਸੈਰ ਨੇ ਪਟਿਆਲਾ ਦੀਆਂ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਸ਼ਹਿਰ ਦੇ ਅੰਦਰ-ਅੰਦਰ ਬਣੇ ਹੋਏ ਵਿਰਾਸਤੀ ਰਸਤੇ ਤੋਂ ਹੁੰਦੇ ਹੋਏ ਪੁਰਾਣੇ ਸ਼ਹਿਰ ਦੀ ਸੈਰ ਕੀਤੀ। ਇਸ ਵਿਰਾਸਤੀ ਸੈਰ ਦੇ ਕਾਫ਼ਲੇ ਵਿਚ ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਕਾਲਜ ਲੜਕੀਆਂ, ਸਟੇਟ ਕਾਲਜ ਆਫ਼ ਐਜੂਕੇਸ਼ਨ, ਐਮ.ਐਮ. ਮੋਦੀ ਕਾਲਜ, ਬਿਕਰਮ ਕਾਲਜ ਆਫ਼ ਕਾਮਰਸ, ਸਰਕਾਰੀ ਮਿਡਲ ਸਕੂਲ ਘਾਸ ਮੰਡੀ, ਸਰਕਾਰੀ ਹਾਈ ਸਕੂਲ ਸਨੌਰੀ ਅੱਡਾ, ਢੁਡਿਆਲ ਖਾਲਸਾ ਸਕੂਲ, ਬੁੱਢਾ ਦਲ ਪਬਲਿਕ ਸਕੂਲ, ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਸਕੂਲ ਫਾਰ ਬਲਾਇੰਡ, ਦੀ ਬ੍ਰਿਟਿਸ਼ ਕੋ ਐਡ ਸਕੂਲ ਸਮੇਤ ਹੋਰ ਕਈ ਸਕੂਲਾਂ ਅਤੇ ਕਾਲਜਾਂ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਸਮੇਤ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।
ਵਿਰਾਸਤੀ ਸੈਰ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਕੇ ਹਵੇਲੀ ਮੁਹੱਲਾ ਛੱਤਾ ਨਾਨੂੰਮਲ, ਬਰਤਨ ਬਾਜ਼ਾਰ, ਮਿਸ਼ਰੀ ਬਾਜ਼ਾਰ, ਰੂਪ ਚੰਦ ਮੁਹੱਲਾ, ਸੱਪਾਂ ਵਾਲੀ ਗਲੀ, ਰਾਜੇਸ਼ਵਰੀ ਸ਼ਿਵ ਮੰਦਰ, ਕੋਤਵਾਲੀ, ਦਰਸ਼ਨੀ ਡਿਊਡੀ ਤੋਂ ਹੁੰਦੀ ਹੋਈ ਕਿਲਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਈ। ਇਸ ਦੌਰਾਨ ਸ੍ਰੀ ਰਵੀ ਆਹਲੂਵਾਲੀਆ ਨੇ ਇਸ ਸੈਰ ‘ਚ ਸ਼ਾਮਲ ਹੋਏ ਵਿਦਿਆਰਥੀਆਂ ਅਤੇ ਹੋਰ ਪਤਵੰਤਿਆਂ ਨੂੰ ਇਸ ਰਸਤੇ ‘ਚ ਆਏ ਹਰ ਸਥਾਨ ਦਾ ਮਹੱਤਵ ਦੱਸਿਆ ਗਿਆ। ਸਭ ਤੋਂ ਪਹਿਲਾਂ ਸ਼ਾਹੀ ਸਮਾਧਾਂ ਬਾਰੇ ਦੱਸਿਆ ਗਿਆ ਕਿ ਇਥੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਸਮੇਤ ਪਟਿਆਲਾ ਰਿਆਸਤ ਦੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਮਾਧੀਆਂ ਸਥਿਤ ਹਨ। ਇਸ ਵਿਰਾਸਤੀ ਸੈਰ ਦਾ ਸਥਾਨਕ ਵਾਸੀਆਂ ਨੇ ਭਰਵਾਂ ਸਵਾਗਤ ਵੀ ਕੀਤਾ।
ਇਸ ਉਪਰੰਤ ਦਾਲ ਦਲੀਆਂ ਚੌਕ, ਛੱਤਾ ਨਾਨੂੰਮਲ ਜੋ ਪਟਿਆਲਾ ਰਿਆਸਤ ਦੇ ਵਜ਼ੀਰ ਦਾ ਨਿਵਾਸ ਸਥਾਨ ਰਿਹਾ ਹੈ, ਬਰਤਨ ਬਾਜ਼ਾਰ ਜੋ ਸ਼ਹਿਰ ਦੀ ਸਥਾਪਨਾ ਸਮੇਂ ਹੀ ਹੋਂਦ ਵਿੱਚ ਆਇਆ ਤੇ ਕਰੀਬ 256 ਸਾਲ ਪੁਰਾਣਾ ਹੈ, ਇਥੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਬਾਰੇ ਦੱਸਿਆ ਗਿਆ। ਇਸ ਤੋਂ ਬਿਨ੍ਹਾਂ ਰਾਜੇਸ਼ਵਰੀ ਸ਼ਿਵ ਮੰਦਰ ਜੋ ਕੇ ਇਤਿਹਾਸਕ ਮਹੱਤਤਾ ਰੱਖਦਾ ਹੈ, ਸੱਪਾਂ ਵਾਲੀ ਗਲੀ, ਦਰਸ਼ਨੀ ਗੇਟ ਜੋ ਪਟਿਆਲਾ ਸ਼ਹਿਰ ਵਿਚ ਦਾਖਲ ਹੋਣ ਲਈ ਰਸਤਾ ਸੀ ਬਾਰੇ ਵੀ ਦੱਸਿਆ ਗਿਆ। ਅਖੀਰ ਵਿਚ ਜਿਥੋਂ ਪਟਿਆਲਾ ਰਿਆਸਤ ਦਾ ਮੁੱਢ ਬੰਨਿਆ ਗਿਆ ਅਤੇ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦਾ ਨਿਵਾਸ ਸਥਾਨ ਰਿਹਾ ਹੈ, ਵਿਖੇ ਪਹੁੰਚ ਕੇ ਇਹ ਵਿਰਾਸਤੀ ਸੈਰ ਸਮਾਪਤ ਹੋਈ।
ਇਸ ਮੌਕੇ ਆਈ.ਜੀ. ਸ੍ਰੀ ਏ.ਐਸ. ਰਾਏ ਨੇ ਕਿਹਾ ਕਿ ਵਿਰਾਸਤੀ ਉਤਸਵ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਵਿਰਾਸਤੀ ਸੈਰ ਦਾ ਉਪਰਾਲਾ ਸ਼ਲਾਘਾਯੋਗ ਕਦਮ ਹੈ, ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਦੀ 256 ਸਾਲਾਂ ਤੋਂ ਵੀ ਪੁਰਾਣੀ ਪੁਰਾਣੀ ਵਿਰਾਸਤੀ ਹੋਂਦ ਦਾ ਪਤਾ ਲੱਗਿਆ ਹੈ ਅਤੇ ਇਨ੍ਹਾਂ ਨੇ ਅੱਜ ਉਨ੍ਹਾਂ ਸਥਾਨਾਂ ਨੂੰ ਦੇਖਿਆ ਅਤੇ ਇਸ ਦਾ ਇਤਿਹਾਸ ਜਾਣਿਆ ਹੈ, ਜਿਸ ਤੋਂ ਸਾਰੇ ਲੋਕ ਜਾਣੂ ਨਹੀਂ ਹੁੰਦੇ। ਸ੍ਰੀ ਰਾਏ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਰਾਸਤੀ ਸਥਾਨ ਦੀ ਸਾਂਭ ਸੰਭਾਲ ਰੱਖਣਾ ਸਾਡਾ ਸਭ ਦਾ ਸਾਂਝਾ ਦਾ ਫਰਜ਼ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਸਮੂਹ ਪਟਿਆਲਵੀਆਂ ਨੂੰ ਵਿਰਾਸਤੀ ਉਤਸਵ ‘ਚ ਹੁੰਮ ਹੁੰਮਾ ਕੇ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ।
ਇਸ ਮੌਕੇ ਐਸ.ਪੀ. ਸਿਟੀ ਸ੍ਰੀ ਹਰਮਨ ਹੰਸ, ਕਰਨਲ ਕਰਮਿੰਦਰਾ ਸਿੰਘ, ਪ੍ਰਿੰਸੀਪਲ ਗਰਲਜ ਕਾਲਜ ਡਾ. ਚਿਰੰਜੀਵ ਕੌਰ, ਸਕੱਤਰ ਰੈਡ ਕਰਾਸ ਸ਼੍ਰੀ ਪ੍ਰਿਤਪਾਲ ਸਿੰਘ ਸਿੱਧੂ, ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ, ਡਾ. ਸਵਿੰਦਰ ਸਿੰਘ ਰੇਖੀ, ਪ੍ਰੋ. ਸ਼ਵਿੰਦਰ ਸਿੰਘ ਅਤੇ ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ ਅਤੇ ਸ਼ਹਿਰ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *