ਜ਼ਿਲ੍ਹੇ ਦੀਆਂ ਨਦੀਆਂ ਘੱਗਰ, ਮਾਰਕੰਡਾ ਤੇ ਟਾਂਗਰੀ ‘ਚ ਵਹਿ ਰਹੇ ਪਾਣੀ ਦਾ ਜਾਇਜ਼ਾ
ਪੁਰ ਮੰਡੀ ਪੁਲ ਦੀ ਮਜ਼ਬੂਤੀ ਲਈ ਸਰਕਾਰ ਤੋਂ ਫੰਡ ਹਾਸਲ ਕੀਤੇ ਜਾਣਗੇ-ਕੁਮਾਰ ਅਮਿਤ
ਪਟਿਆਲਾ, 19 ਅਗਸਤ (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹੇ ਦੀਆਂ ਨਦੀਆਂ ਘੱਗਰ, ਮਾਰਕੰਡਾ ਤੇ ਟਾਂਗਰੀ ‘ਚ ਵਹਿ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਪੁਰ ਮੰਡੀ, ਪਹੇਵਾ ਰੋਡ ਅਤੇ ਬਾਦਸ਼ਾਹਪੁਰ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੇ ਪਾਤੜਾਂ ਦੇ ਐਸ.ਡੀ.ਐਮ. ਮਿਸ ਇਨਾਇਤ ਗੁਪਤਾ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਰਮਨਦੀਪ ਸਿੰਘ ਬੈਂਸ ਤੇ ਐਸ.ਡੀ.ਓ. ਸ. ਨਿਰਮਲ ਸਿੰਘ ਮੌਜੂਦ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਰ ਮੰਡੀ ਵਿਖੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਰ ਮੰਡੀ ਦੇ ਪੁਲ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਤੋਂ ਫੰਡ ਮੰਗਵਾਏ ਜਾਣਗੇ। ਉਨ੍ਹਾਂ ਲੋਕਾਂ ਦੀ ਮੰਗ ‘ਤੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਦਾ ਗੰਭੀਰਤਾ ਨਾਲ ਤਤਪਰ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਘੱਗਰ, ਟਾਂਗਰੀ ਤੇ ਮਾਰਕੰਡਾ ਆਦਿ ਕੈਚਮੈਂਟ ਖੇਤਰ ‘ਚ ਪਈ ਬਰਸਾਤ ਕਰਕੇ ਇਨ੍ਹਾਂ ਨਦੀਆਂ ‘ਚ ਪਾਣੀ ਦੀ ਮਾਤਰਾ ਵਧੀ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਨਾਲ ਇਨ੍ਹਾਂ ਨਦੀਆਂ ‘ਚ ਪਾਣੀ ਦੇ ਵਹਾਅ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਹ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀਆਂ ਹਨ ਪਰੰਤੂ ਇਨ੍ਹਾਂ ਵਿੱਚ ਪਾਣੀ ਵਧਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਜਲ ਨਿਕਾਸ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਸਮੇਤ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਉਨ੍ਹਾਂ ਨੇ ਜਲ ਨਿਕਾਸ ਵਿਭਾਗ ਨੂੰ ਆਦੇਸ਼ ਦਿੱਤੇ ਕਿ ਆਮ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣ ਅਤੇ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਰੱਖੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਬਾਰੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਤੇ ਪਾਣੀ ਆਉਣ ਦੀ ਸੂਰਤ ‘ਚ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

