ਕੇਂਦਰ ਸਰਕਾਰ ਨੇ ਕਾਲੀ ਸੂਚੀ ‘ਚੋਂ ਹਟਾਏ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਂਅ
ਨਵੀਂ ਦਿੱਲੀ 13 ਸਤੰਬਰ (ਮਧੂਸਾਰ ਬਿਊਰੋ) ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਰਹੇ 312 ਵਿਦੇਸ਼ੀ ਸਿੱਖਾਂ ਦੇ ਨਾਮ ਕਾਲੀ ਸੂਚੀ ‘ਚੋਂ ਹਟਾ ਦਿੱਤੇ ਹਨ। ਹੁਣ ਇਸ ਸੂਚੀ ‘ਚ ਸਿਰਫ 2 ਨਾਮ ਬਚੇ ਹਨ।
ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਕਾਲੀ ਸੂਚੀ ‘ਚ ਦਰਜ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਂਮਾਂ ਦੀ ਸਮੀਖਿਆ ਕੀਤੀ ਅਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਧਿਕਾਰੀ ਨੇ ਦੱਸਿਆ,”ਭਾਰਤ ਸਰਕਾਰ ਨੇ ਕਾਲੀ ਸੂਚੀ ‘ਚ ਸਿੱਖ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ 314 ਵਿਦੇਸ਼ੀ ਨਾਗਰਿਕਾਂ ਦੇ ਨਾਂਵਾਂ ਦੀ ਸਮੀਖਿਆ ਕੀਤੀ ਅਤੇ ਹੁਣ ਇਸ ਸੂਚੀ ‘ਚ ਸਿਰਫ਼ 2 ਨਾਮ ਹਨ।” ਇਸ ਕਾਲੀ ਸੂਚੀ ਤੋਂ ਜਿਨ੍ਹਾਂ ਲੋਕਾਂ ਦੇ ਨਾਂ ਹਟਾਏ ਗਏ ਹਨ, ਉਹ ਹੁਣ ਭਾਰਤ ‘ਚ ਆਪਣੇ ਪਰਿਵਾਰਾਂ ਨੂੰ ਮਿਲਣ ਆ ਸਕਦੇ ਹਨ ਅਤੇ ਆਪਣੀ ਜ਼ਮੀਨ ਨਾਲ ਮੁੜ ਜੁੜ ਸਕਦੇ ਹਨ। ਭਾਰਤ ਸਰਕਾਰ ਨੇ ਸਾਰੇ ਭਾਰਤੀ ਮਿਸ਼ਨਾਂ (ਦੂਤਘਰਾਂ) ਨੂੰ ਸਲਾਹ ਦਿੱਤੀ ਹੈ ਕਿ ਉਹ ਉਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਚਿਤ ਵੀਜ਼ਾ ਜਾਰੀ ਕਰਨ, ਜਿਨ੍ਹਾਂ ਦਾ ਨਾਂ ਕੇਂਦਰ ਦੀ ਕਾਲੀ ਸੂਚੀ (ਬਲੈਕ ਲਿਸਟ) ‘ਚ ਸ਼ਾਮਲ ਨਹੀਂ ਹੈ।

