ਕੋਰੋਨਾ ਵਾਇਰਸ ਕਾਰਨ ਪੰਜਾਬ ‘ਚ ਲਾਕਡਾਊਨ ; ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ
ਚੰਡੀਗੜ੍ਹ (ਮਧੂਸਾਰ ਅਪਡੇਟ) ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ ‘ਚ ਆਟੋ, ਟੈਕਸੀਆਂ ਤੇ ਹੋਰ ਸਵਾਰੀਆਂ ਨੂੰ ਢੋਹਣ ਵਾਲੇ ਵਾਹਨਾਂ ਦੀ ਮਨਾਹੀ ਰਹੇਗੀ।ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪਹਿਲਾਂ ਸੂਬੇ ‘ਚ 50 ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਸੀ, ਜਿਸ ਨੂੰ ਹੁਣ ਘਟਾ ਕੇ 20 ਕਰ ਦਿੱਤਾ ਗਿਆ ਹੈ। ਹੁਣ ਕਿਸੇ ਵੀ ਥਾਂ ‘ਤੇ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ, ਬੈਂਕਵੇਟ ਹਾਲ ਆਦਿ ਵੀ ਬੰਦ ਰਹਿਣਗੇ।
ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰਾਂ ‘ਚ ਜਨਤਕ ਦਫ਼ਤਰਾਂ ‘ਚ ਲੋਕਾਂ ਨਾਲ ਸਬੰਧਤ ਕੰਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਸਿਰਫ਼ ਜ਼ਰੂਰੀ ਕੰਮ ਹੀ ਕੀਤੇ ਜਾਣਗੇ। ਕਮਿਸ਼ਨਰਾਂ, ਐਸਐਸਪੀ ਅਤੇ ਡੀਸੀ ਨੂੰ ਆਪਣੇ ਹਲਕਿਆਂ ‘ਚ ਤਾਇਨਾਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਬੋਰਡ ਦੀਆਂ 10ਵੀਂ, 12ਵੀਂ ਜਮਾਤ ਤੇ ਹੋਰ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

