ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ
ਸਾਧੂ ਸਿੰਘ ਧਰਮਸੌਤ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੇ ਚੈਕ ਸੌਂਪਿਆ
ਰਾਜਨੀਤਕ, ਸਮਾਜਕ ਤੇ ਧਾਰਮਕ ਸਖਸ਼ੀਅਤਾਂ ਨੇ ਕੀਤੀ ਸ਼ਿਰਕਤ
ਪਟਿਆਲਾ 26 ਜੂਨ (ਰਮਨਦੀਪ/ਮਧੂਸਾਰ ਬਿਊਰੋ)ਭਾਰਤ ਸਰਹੱਦ ‘ਤੇ ਝੜੱਪ ਦੌਰਾਨ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਅਰਦਾਸ ਉਪਰੰਤ ਸ਼ਹੀਦ ਜਵਾਨ ਮਨਦੀਪ ਸਿੰਘ ਨੂੰ ਰਾਜਨੀਤਕ, ਸਮਾਜਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ।
ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਮੈਂਬਰ ਪਾਰਲੀਮਂੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਰਹੱਦਾਂ ‘ਤੇ ਰਾਖੀ ਕਰਨ ਵਾਲੇ ਜਵਾਨਾਂ ਦੀ ਭੂਮਿਕਾ ਹਮੇਸ਼ਾ ਮਾਣ ਕਰਨੀ ਵਾਲੀ ਹੁੰਦੀ ਹੈ, ਜੋ ਆਪਣੇ ਦੇਸ਼ ਦੀ ਪ੍ਰਭੂਸੱਤਾ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੰਦੇ ਹਨ। ਉਨ੍ਹਾਂ ਕਿਹਾ ਸ਼ਹੀਦ ਮਨਦੀਪ ਸਿੰਘ ਅਜਿਹੇ 20 ਬਹਾਦਰ ਜਵਾਨਾਂ ‘ਚੋਂ ਇਕ ਹੈ, ਜਿਸ ਨੇ ਸਰਹੱਦ ‘ਤੇ ਚੀਨੀ ਸੈਨਿਕਾਂ ਨਾਲ ਲੋਹਾ ਲੈਂਦਿਆਂ ਦਲੇਰੀ ਨਾਲ ਮੁਕਾਬਲਾ ਕਰਦਿਆਂ ਆਪਣੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਸ਼ਹੀਦੀ ‘ਤੇ ਸਾਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ਹੀਦ ਦੀ ਪਤਨੀ ਗੁਰਦੀਪ ਕੌਰ ਅਤੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਇਸ ਮੌਕੇ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਨੂੰ ਅੱਪਗਰੇਡ ਕਰ ਦਿੱਤਾ ਗਿਆ ਹੈ ਅਤੇ ਪਿੰਡ ਦੇ ਸੜਕੀ ਮਾਰਗ ਨੂੰ ਸ਼ਹੀਦ ਮਨਦੀਪ ਸਿੰਘ ਦੇ ਨਾਂ ਦਿੱਤਾ ਗਿਆ ਹੈ।

