ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਜਿਸ ਘਰ ਧੀਆਂ ਉਸ ਘਰ ਤੀਜ’ ਪ੍ਰੋਗਰਾਮ ਨੂੰ ਸਮਰਪਿਤ ਕਰਵਾਏ ਗਏ ਸੱਭਿਆਚਾਰਕ ਮੁਕਾਬਲੇ

ਪਟਿਆਲਾ 14 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ‘ਜਿਸ ਘਰ ਧੀਆਂ ਉਸ ਘਰ ਤੀਜ’ ਪ੍ਰੋਗਰਾਮ ਤਹਿਤ ਸਾਊਣ ਦੇ ਮਹੀਨੇ ਧੀਆਂ ਨੂੰ ਸਮਰਪਿਤ ਵੱਖ-ਵੱਖ ਆਨਲਾਈਨ ਮੁਕਾਬਲੇ, ਜਿਨ੍ਹਾਂ ਵਿੱਚ ਮਹਿੰਦੀ ਮੁਕਾਬਲਾ, ਪੰਜਾਬੀ ਸੱਭਿਆਚਾਰਕ ਪਹਿਰਾਵਾ ਪ੍ਰਦਰਸ਼ਨੀ ਅਤੇ ਸਾਊਣ ਨਾਲ ਸਬੰਧਿਤ ਗੀਤਾਂ ਦੇ ਮੁਕਾਬਲੇ ਕਰਵਾਏ ਗਏ।ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧੀਆਂ ਘਰਾਂ ਦੀ ਰੌਣਕ ਹੁੰਦੀਆਂ ਹਨ ਜਿਨ੍ਹਾਂ ਦੀ ਹੋਂਦ ਨਾਲ ਘਰ ਹਮੇਸ਼ਾ ਹੀ ਪ੍ਰੰਪਰਾਗਤ ਕਲਾਵਾਂ ਨਾਲ ਜੁੜੇ ਰਹਿੰਦੇ ਹਨ।

ਡਾ. ਉੱਭਾ ਨੇ ਕਿਹਾ ਕਿ ਜਿੱਥੇ ਇਹ ਮੁਕਾਬਲੇ ਧੀਆਂ ਨੂੰ ਅਗਾਂਹ ਵਧਣ ਲਈ ਹੌਂਸਲਾ ਅਫ਼ਜਾਊ ਸਿੱਧ ਹੁੰਦੇ ਹਨ ਉੱਥੇ ਹੀ ਅਲੋਪ ਹੋ ਰਹੀਆਂ ਵਿਰਸੇ ਦੀਆਂ ਕਲਾਵਾਂ ਨੂੰ ਸਿਰਜਤ ਵੀ ਰੱਖਦੇ ਹਨ। ਡਾ. ਉੱਭਾ ਨੇ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਜ਼ਾਹਿਰ ਕੀਤੀ ਕਿ ਚਾਹੇ ਇਹ ਮੁਕਾਬਲੇ ਆਨਲਾਈਨ ਕਰਵਾਏ ਗਏ ਫਿਰ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੇ ਘਰਾਂ ਵਿੱਚ ਪੂਰਨ ਤੌਰ ‘ਤੇ ਤੀਆਂ ਵਾਲਾ ਮਾਹੌਲ ਸਿਰਜ ਕੇ ਹਿੱਸਾ ਲਿਆ ਅਤੇ ਘਰਾਂ ਤੋਂ ਵੀਡੀਓ ਬਣਾ ਕੇ ਕਾਲਜ ਵੱਲੋਂ ਕਰਵਾਏ ਗਏ ਮੁਕਾਬਲੇ ਲਈ ਅਪਲੋਡ ਕੀਤੀਆਂ ਗਈਆਂ।
ਡਾ. ਹਰਵਿੰਦਰ ਕੌਰ, ਡੀਨ ਸੱਭਿਆਚਾਰਕ ਸਰਗਰਮੀਆਂ ਨੇ ਕਿਹਾ ਕਿ ਕਿਤਾਬੀ ਗਿਆਨ ਹਾਸਿਲ ਕਰਨ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਸਰਬਪੱਖੀ ਸਖ਼ਸ਼ੀਅਤ ਉਸਾਰੀ ਹੁੰਦੀ ਹੈ। ਪ੍ਰੋ. ਸੰਦੀਪ ਚਹਿਲ, ਡੀਨ ਕਰੀਏਟਿਵ ਆਰਟਸ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮੁਕਾਬਲੇ ਲੋਕ ਕਲਾਵਾਂ ਦਾ ਅਟੁੱਟ ਹਿੱਸਾ ਹਨ ਜਿਨ੍ਹਾਂ ਨਾਲ ਜੁੜ ਕੇ ਅਸੀਂ ਆਪਣੇ ਵਿਰਸੇ ਨੂੰ ਹਮੇਸ਼ਾ ਲਈ ਸੰਜੀਵ ਰੱਖ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਹਰਵਿੰਦਰ ਕੌਰ, ਪ੍ਰੋ. ਸੁਖਮੀਨ ਕੌਰ, ਡਾ. ਬਲਬੀਰ ਕੌਰ ਅਤੇ ਪ੍ਰੋ. ਸੰਦੀਪ ਚਹਿਲ ਨੇ ਕੀਤੀ।
ਇਨ੍ਹਾਂ ਆਨਲਾਈਨ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਮਹਿੰਦੀ ਦੇ ਮੁਕਾਬਲੇ ਵਿੱਚ ਬੀ.ਏ. ਭਾਗ ਦੂਜਾ ਦੀ ਲਵਲੀਨ ਕੌਰ ਨੇ ਪਹਿਲਾ ਸਥਾਨ, ਬੀ.ਏ. ਭਾਗ ਦੂਜਾ ਸੋਸ਼ਲ ਸਾਇੰਸ ਦੀ ਹਰਮੋਹਿਤ ਕੌਰ ਧੀਮਾਨ ਨੇ ਦੂਜਾ ਸਥਾਨ ਅਤੇ ਬੀ.ਕਾਮ. ਭਾਗ ਤੀਜਾ ਦੀ ਹਿਮਾਂਸ਼ੂ ਨੇ ਤੀਜਾ ਸਥਾਨ ਹਾਸਿਲ ਕੀਤਾ। ਕੰਸੋਲੇਸ਼ਨ ਇਨਾਮ ਬੀ.ਭਾਗ ਦੂਜਾ ਦੀ ਨੈਨਾ ਕਿੰਗਰ ਅਤੇ ਐਮ.ਐਸਸੀ. ਫੈਸ਼ਨ ਡਿਜ਼ਾਇਨਿੰਗ ਐਂਡ ਟੈਕਨਾਲੌਜੀ ਦੀ ਮਨਿੰਦਰ ਕੌਰ ਨੂੰ ਦਿੱਤਾ ਗਿਆ।ਪੰਜਾਬੀ ਸੱਭਿਆਚਾਰਕ ਪਹਿਰਾਵਾ ਪ੍ਰਦਰਸ਼ਨੀ ਮੁਕਾਬਲੇ ਵਿੱਚ ਬੀ.ਐਸਸੀ. ਮੈਡੀਕਲ ਦੀ ਮਨਪ੍ਰੀਤ ਕੌਰ ਢਿੱਲੋਂ ਨੇ ਪਹਿਲਾ ਸਥਾਨ, ਬੀ.ਕਾਮ. ਭਾਗ ਤੀਜਾ ਦੀ ਦ੍ਰਿਸ਼ਟੀ ਨੇ ਦੂਜਾ ਸਥਾਨ ਅਤੇ ਐਮ.ਐਸਸੀ. ਐਗਰੀਕਲਚਰ ਦੀ ਕਰੀਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਕੰਸੋਲੇਸ਼ਨ ਇਨਾਮ ਬੀ.ਏ. ਭਾਗ ਦੂਜਾ ਦੀ ਨਵਰੀਤ ਕੌਰ, ਬੀ.ਏ. ਆਨਰਜ਼ ਇਨ ਇੰਗਲਿਸ਼ ਦੀ ਵੰਦਨਾ ਅਤੇ ਬੀ.ਵਾਕ. ਫੈਸ਼ਨ ਡਿਜ਼ਾਇਨਿੰਗ ਅਤੇ ਟੈਕਨਾਲੌਜੀ ਦੀ ਰਮਨਦੀਪ ਕੌਰ ਨੇ ਹਾਸਿਲ ਕੀਤਾ। ਸਾਊਣ ਨਾਲ ਸਬੰਧਿਤ ਗੀਤਾਂ ਦੇ ਮੁਕਾਬਲੇ ਵਿੱਚ ਬੀ.ਏ. ਭਾਗ ਪਹਿਲਾ ਦੀ ਸ਼ਬਨਮ ਖ਼ਾਨ ਨੇ ਪਹਿਲਾ ਸਥਾਨ ਅਤੇ ਬੀ.ਏ.ਭਾਗ ਤੀਜਾ ਦੀ ਸਿਮਰਨ ਨੇ ਦੂਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਵੱਲੋਂ 2100 ਰੁਪਏ ਪ੍ਰਤੀ, ਦੂਜੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ 1100 ਰੁਪਏ ਪ੍ਰਤੀ ਅਤੇ ਕੰਸੋਲੇਸ਼ਨ ਇਨਾਮ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ 500 ਰੁਪਏ ਪ੍ਰਤੀ ਵਿਦਿਆਰਥਣ ਨਗਦ ਦਿੱਤੇ ਜਾਣਗੇ।

Leave a Reply

Your email address will not be published. Required fields are marked *