ਪੰਜਾਬ

ਗੰਨੇ ਦੀਆਂ ਕੀਮਤਾਂ ਵਿਚ ਨਿਗੁਣਾ ਵਾਧਾ ਕਿਸਾਨਾਂ ਨਾਲ ਮਜਾਕ ਸੁਨੀਲ ਜਾਖੜ

ਮੋਦੀ ਸਰਕਾਰ ਨੇ ਗੰਨਾ ਕਿਸਾਨਾਂ ਲਈ 2 ਸਾਲ ਪਹਿਲਾਂ ਐਲਾਣੇ 8000 ਕਰੋੜ ਦੇ ਪੈਕੇਜ ਦਾ ਵੀ ਨਹੀਂ ਦਿੱਤਾ ਲਾਭ
ਅਕਾਲੀ ਦਲ ਦੀ ਚੁੱਪੀ ਇਸ ਪਾਰਟੀ ਦੇ ਆਗੂਆਂ ਦੇ ਦੋਹਰੇ ਕਿਰਦਾਰ ਦੀ ਸੂਚਕ
ਚੰਡੀਗੜ, 20 ਅਗਸਤ (ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਗੰਨੇ ਦੀ ਕੀਮਤ ਵਿਚ ਕੀਤੇ ਮਾਮੂਲੀ ਵਾਧੇ ਨੂੰ ਗੰਨਾਂ ਉਤਪਾਦਕ ਕਿਸਾਨਾਂ ਨਾਲ ਮਜਾਕ ਕਰਾਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਮੋਦੀ ਸਰਕਾਰ ਨੇ 2018 ਵਿਚ ਐਲਾਣੇ 8000 ਕਰੋੜ ਰੁਪਏ ਦੇ ਪੈਕੇਜ ਦਾ ਵੀ ਗੰਨਾ ਉਤਪਾਦਕਾਂ ਨੂੰ ਕੋਈ ਲਾਭ ਨਹੀਂ ਦਿੱਤਾ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੂਰੀ ਤਰਾਂ ਪੂੰਜੀਪਤੀਆਂ ਦੀ ਸਰਕਾਰ ਸਿੱਧ ਹੋ ਰਹੀ ਹੈ ਅਤੇ ਇਸ ਨੂੰ ਦੇਸ਼ ਦੇ ਗਰੀਬ ਕਿਸਾਨਾਂ ਦੀ ਕੋਈ ਫਿਕਰ ਨਹੀਂ ਹੈ। ਉਨਾਂ ਨੇ ਕਿਹਾ ਕਿ ਕੋਵਿਡ ਕਾਰਨ ਜਦੋਂ ਸਾਡੇ ਕਿਸਾਨ ਭਾਰੀ ਆਰਥਿਕ ਸੰਕਟ ਵਿਚ ਹਨ ਤਾਂ ਸਿਰਫ 10 ਰੁਪਏ ਪ੍ਰਤੀ ਕੁਇੰਟਲ ਦਾ ਸ਼ਰਤਾਂ ਸਹਿਤ ਮੁੱਲ ਵਾਧਾ ਕਾਫੀ ਨਹੀਂ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਗੰਨੇ ਦੀ ਫਸਲ ਪੰਜਾਬ ਵਿਚ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਬਦਲਣ ਵਿਚ ਸਹਾਈ ਸਿੱਧ ਹੋ ਸਕਦੀ ਹੈ। ਪਰ ਕੇਂਦਰ ਸਰਕਾਰ ਦੀਆਂ ਇਸ ਤਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਰਾਜ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਲਈ ਵੀ ਘਾਤਕ ਸਿੱਧ ਹੋ ਰਹੀਆਂ ਹਨ। ਉਨਾਂ ਨੇ ਕਿਹਾ ਕਿ ਸਰਕਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਗੰਨਾਂ ਉਤਪਾਦਕਾਂ ਲਈ 8000 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਣ ਕੀਤਾ ਸੀ ਪਰ 2 ਸਾਲ ਬੀਤ ਜਾਣ ਬਾਅਦ ਵੀ ਇਸ ਪੈਕੇਜ ਦਾ ਕਿਸਾਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਅਤੇ ਇਸ ਦਾ ਹਾਲ ਵੀ ਪ੍ਰਧਾਨ ਮੰਤਰੀ ਵੱਲੋਂ 15 15 ਲੱਖ ਰੁਪਏ ਦੇਣ ਦੇ ਲਾਰੇ ਵਰਗਾ ਹੋਇਆ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਇਸ ਤੋਂ ਵੀ ਹੈਰਾਨੀਜਨਕ ਗੱਲ ਹੈ ਕਿ ਕਿਸਾਨਾਂ ਹਿੱਤਾਂ ਦਾ ਢਿੰਢੋਰਾ ਪਿੱਟਣ ਵਾਲੇ ਅਕਾਲੀ ਦਲ ਦੇ ਆਗੂਆਂ ਨੇ ਕਿਸਾਨਾਂ ਨਾਲ ਸਬੰਧਤ ਇਸ ਅਤਿ ਸੰਵੇਦਨਸ਼ੀਲ ਮੁੱਦੇ ਤੇ ਚੁੱਪੀ ਧਾਰ ਰੱਖੀ ਹੈ। ਉਨਾਂ ਨੇ ਕਿਹਾ ਕਿ ਕੇਂਦਰੀ ਕੈਬਨਿਟ ਜੋ ਇਕ ਤੋਂ ਬਾਅਦ ਇਕ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਾਜਰ ਹੁੰਦੇ ਹਨ ਪਰ ਫਿਰ ਵੀ ਉਹ ਰਾਜ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਪੂਰੀ ਤਰਾਂ ਅਸਮੱਰਥ ਸਿੱਧ ਹੋ ਰਹੇ ਹਨ। ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀ ਚੁੱਪੀ ਉਨਾਂ ਦੇ ਦੋਹਰੇ ਕਿਰਦਾਰ ਦੀ ਸੂਚਕ ਸਿੱਧ ਹੋ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਰਾਜ ਦੇ ਸਾਢੇ ਪੰਜ ਲੱਖ ਤੋਂ ਵੱਧ ਕਿਸਾਨਾਂ ਦਾ 4700 ਕਰੋੜ ਤੋਂ ਵੱਧ ਦਾ ਕਰਜ ਮਾਫ ਕੀਤਾ ਹੈ ਉਥੇ ਹੀ ਗੰਨਾਂ ਉਤਪਾਦਕਾਂ ਲਈ ਗੁਰਦਾਸਪੁਰ ਦੇ ਕਲਾਨੌਰ ਵਿਚ ਗੰਨਾ ਖੋਜ ਕੇਂਦਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ

Leave a Reply

Your email address will not be published. Required fields are marked *