ਸੁਖਬੀਰ ਦੇ ਐਲਾਨ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਅਸਤੀਫ਼ਾ !
ਨਵੀਂ ਦਿੱਲੀ, 17 ਸਤੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਵੱਲੋਂ ਪੇਸ਼ ਖੇਤੀ ਬਿਲਾਂ ਦੇ ਵਿਰੋਧ ‘ਚ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ੍ਰੀਮਤੀ ਬਾਦਲ ਲੋਕ ਸਭਾ ਵਿੱਚ ਬਿਲਾਂ ‘ਤੇ ਚਰਚਾ ਦੌਰਾਨ ਵੀ ਗੈਰਹਾਜ਼ਰ ਰਹੇ ਸਨ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿੱਚ ਬਿਲਾਂ ‘ਤੇ ਚਰਚਾ ਦੌਰਾਨ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਲੋਕ ਸਭਾ ਵਿੱਚ ਪੇਸ਼ ਦੋ ਖੇਤੀ ਬਿਲਾਂ ‘ਤੇ ਚਰਚਾ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਤਜਵੀਜ਼ਤ ਕਾਨੂੰਨ ਪੰਜਾਬ ਸਰਕਾਰਾਂ ਵੱਲੋਂ ਪਿਛਲੇ ਪੰਜਾਹ ਸਾਲਾਂ ਤੋਂ ਖੇਤੀ ਸੈਕਟਰ ਨੂੰ ਪੈਰਾਂ ਸਿਰ ਕਰਨ ਲਈ ਕੀਤੀ ਸਖ਼ਤ ਮਿਹਨਤ ਨੂੰ ‘ਤਬਾਹ’ ਕਰ ਦੇਣਗੇ। ਉਨ੍ਹਾਂ ਬਿਲਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਪੰਜਾਬ ਵੱਲੋਂ ਦੇਸ਼ ਨੂੰ ਖੁਰਾਕੀ ਅਨਾਜ ਦੀ ਪੈਦਾਵਾਰ ਵਿੱਚ ਸਵੈ-ਨਿਰਭਰ ਬਣਾਉਣ ਲਈ ਪਾਏ ਯੋਗਦਾਨ ਨੂੰ ਵੀ ਚੇਤੇ ਕੀਤਾ। ਚੇਤੇ ਰਹੇ ਕਿ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ‘ਚ ਸ਼੍ਰੋਮਣੀ ਅਕਾਲੀ ਦਲ ਦੀ ਇਕੋ ਇਕ ਨੁਮਾਇੰਦਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦੀ ਸਭ ਤੋਂ ਪੁਰਾਣੀ ਭਾਈਵਾਲ ਹੈ।

