ਪੰਜਾਬਪਟਿਆਲਾ

ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ 11 ਮੈਂਬਰੀ ਆਰਜ਼ੀ ਕਮੇਟੀ ਦਾ ਗਠਨ

ਪਟਿਆਲਾ 20 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਗੁੰਮ ਪੁਰਾਤਨ ਸਫਰੀ ਸਰੂਪ ਮਾਮਲੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ 11 ਮੈਬਰੀ ਕਮੇਟੀ ਵੱਲੋਂ ਸੰਤ ਸਮਾਜ ਨੂੰ ਸੌਂਪੇ ਗਏ ਅਸਤੀਫੇ ਤੋਂ ਬਾਅਦ ਅੱਜ ਮੁੜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ‘ਚ ਮੁੜ ਨਵੀਂ 11 ਮੈਂਬਰੀ ਆਰਜ਼ੀ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ। ਮੀਟਿੰਗ ਸੰਤ ਮਹਾਂਪੁਰਸ਼, ਇਲਾਕੇ ਦੇ ਲੋਕਾਂ ਦੀ ਹਾਜ਼ਰੀ ‘ਚ ਸਦਭਾਵਨਾ ਵਾਲੇ ਮਾਹੌਲ ‘ਚ ਹੋਈ। ਇਸ ਮੌਕੇ ਦੇਰ ਸ਼ਾਮ ਤੱਕ ਸਰਬਸੰਮਤੀ ਤੋਂ ਬਾਅਦ ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਵਿਖੇ ਨਵੀਂ 11 ਮੈਂਬਰੀ ਆਰਜ਼ੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਰੱਖਣ ਲਈ ਕੰਮ ਚਲਾਊ ਭੂਮਿਕਾ ਨਿਭਾਏਗੀ।

ਇਸ ਮੌਕੇ ਨਵੀਂ ਬਣਾਈ ਆਰਜ਼ੀ ਕਮੇਟੀ ‘ਚ ਸਰਪੰਚ ਜ਼ੋਰਾ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਬਿਕਰਮ ਜੀਤ ਸਿੰੰਘ ਚਹਿਲ, ਸੁਰਜੀਤ ਸਿੰਘ ਢੀਂਡਸਾ, ਮੇਜਰ ਸਿੰਘ ਇੰਦਰਪੁਰਾ, ਬਲਵਿੰਦਰ ਸਿੰਘ ਆਸੇਮਾਜਰਾ, ਹਰਭਜਨ ਸਿੰਘ ਆਸੇਮਾਜਰਾ, ਹਰਬੰਸ ਸਿੰਘ ਭੂਰਾ ਗਿੱਲ, ਗੁਰਸੇਵਕ ਸਿੰਘ ਹਰਪਾਲਪੁਰ, ਬਲਜੀਤ ਸਿੰਘ ਟੋਡਰਵਾਲ, ਹਰਜੀਤ ਸਿੰਘ ਚੰਦੂਮਾਜਰਾ ਬਾਰਨਵਾਲਾ ਆਦਿ ਨੂੰ ਸ਼ਾਮਲ ਕੀਤਾ ਗਿਆ, ਜੋ ਅਗਲੇਰੇ ਹੁਕਮਾਂ ਤੱਕ ਪ੍ਰਬੰਧ ਨੂੰ ਚਲਾਉਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਨਵੀਂ ਆਰਜ਼ੀ ਕਮੇਟੀ ਅਤੇ ਪੁਰਾਣੇ ਮੈਂਬਰਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਨਿੱਜਵਾਦ ਨੂੰ ਛੱਡਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਅਹੁਦਿਆਂ ਦੀ ਲਾਲਸਾ ਛੱਡਕੇ ਸੇਵਾ ਭਾਵ ਨਾਲ ਕੰਮ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਚੋਂ ਪੁਰਾਤਨ ਸਫਰੀ ਸਰੂਪ ਦੇ ਗੁੰਮ ਹੋਣ ਤੋਂ ਬਾਅਦ ਵਿਵਾਦਾਂ ਦੇ ਚੱਲਦਿਆਂ 11 ਮੈਂਬਰੀ ਕਮੇਟੀ ਨੇ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦਿੱਤਾ ਸੀ। ਅੱਜ ਪੁਰਾਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸੰਤ ਸਮਾਜ ਵੱਲੋਂ ਕਲੀਨ ਚਿੱਟ ਨਾ ਦਿੱਤੇ ਜਾਣ ਤੱਕ ਉਹ ਹੋਏ ਫੈਸਲੇ ਅਨੁਸਾਰ ਹੁਕਮਾਂ ਦੀ ਪਾਲਣਾ ਕਰਨਗੇ।

Leave a Reply

Your email address will not be published. Required fields are marked *