ਅੰਮ੍ਰਿਤਸਰਪੰਜਾਬ

ਪੰਜਾਬ ਬੰਦ ਨੂੰ ਨਿਹੰਗ ਸਿੰਘ ਦਲਾਂ ਦੀ ਪੂਰਨ ਹਮਾਇਤ

ਕਿਸਾਨਾਂ ਨਾਲ ਮੋਢੇ ਨਾਲ ਮੋਢਾ ਤਾਨ ਕੇ ਖੜੇ ਹਾਂ: ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 24 ਸਤੰਬਰ (ਸੋਨੁੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਪੰਜਾਬ ਬੰਦ ਦੇ ਸੱਦੇ ਦਾ ਡਟਵਾਂ ਸਾਥ ਦੇਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਆਰਡੀਨੈਂਸਾਂ ਤੁਰੰਤ ਵਾਪਸ ਲੈਣੇ ਚਾਹੀਦੇ ਹਨ।

ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਬਾਬਾ ਗੱਜਣ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਤਰਨਾ ਦਲ ਬਾਬਾ ਬਿਧੀਚੰਦ ਜੀ ਸੁਰ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ, ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਤਿੰਨ ਬਿਲ ਕਿਸਾਨ ਨੀਤੀ ਬਣਾ ਕੇ ਇੱਕ ਪਾਸੜ ਪਾਸ ਕੀਤੇ ਗਏ ਹਨ ਇਹ ਕਿਸਾਨ ਵਿਰੋਧੀ, ਕਿਸਾਨ ਮਾਰੂ ਅਤੇ ਕਿਸਾਨਾਂ ਨੂੰ ਘੁਸਿਆਰੇ ਬਨਾਉਣ ਵਾਲੇ ਹਨ। ਇਹ ਬਿਲ ਕਿਸੇ ਰੂਪ ਵਿਚ ਵੀ ਲਾਗੂ ਨਹੀਂ ਹੋਣੇ ਚਾਹੀਦੇ ਇਸ ਲਈ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਅਸੀਂ ਡੱਟਵੀਂ ਹਮਾਇਤ ਕਰਦੇ ਹਾਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 25 ਸਤੰਬਰ ਨੂੰ ਕਿਸਾਨਾਂ ਵਲੋਂ ਦਿਤੇ ਪੰਜਾਬ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਬਨਾਉਣ ਲਈ ਆਪੋ ਆਪਣੇ ਕਾਰੋਬਾਰ, ਦੁਕਾਨਾਂ ਆਦਿ ਬੰਦ ਰੱਖਣ ਤੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਇਆ ਜਾਵੇ।ਨਿਹੰਗ ਮੁਖੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਵੱਡੇ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡਣਾ ਇਸ ਸੂਬੇ ਦੇ ਲੋਕਾਂ ਨਾਲ ਵੱਡੀ ਬੇਇਨਸਾਫੀ ਹੋਵੇਗੀ।ਨਿਹੰਗ ਮੁਖੀਆਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਸਭਿਆਚਾਰ, ਸ਼ਾਨਾਮੱਤੇ ਇਤਿਹਾਸ, ਇਸਦੀ ਆਨਸ਼ਾਨ ਅਤੇ ਗੌਰਵ ਤੋਂ ਚੰਗੀ ਤਰ੍ਹਾਂ ਜਾਣੂੰ ਹਨ।ਕੇਂਦਰ ਸਰਕਾਰ ਨੂੰ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਇਸ ਦੇ ਗੌਰਵ ਤੇ ਆਨਸ਼ਾਨ ਨੂੰ ਸੱਟ ਮਾਰਦਾ ਹੋਵੇ।ਉਨ੍ਹਾਂ ਕਿਹਾ ਕਿ ਅੱਜ ਇਸ ਧਰਤੀ ਤੋਂ ਉਠ ਰਿਹਾ ਵੱਡਾ ਰੋਸ ਪ੍ਰਤੀਕਰਮ ਇਸ ਗੱਲ ਦੀ ਨਿਸ਼ਾਨੀ ਹੈ ਜਿਸ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ।ਕੇਂਦਰ ਸਰਕਾਰ ਟਕਰਾਅ ਤੇ ਜਿੱਦਪੁਣਾ ਛੱਡ ਕੇ ਇਸ ਮਸਲੇ ਦਾ ਸੰਤੁਸ਼ਟੀ ਜਨਕ ਢੰਗ ਨਾਲ ਹੱਲ ਕੱਢੇ।ਨਿਹੰਗ ਮੁਖੀਆਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਦੁਲਾਰਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਕਿਸਾਨ ਅੰਦੋਲਨ ਨੂੰ ਪੂਰਨ ਸਹਿਯੋਗ ਤੇ ਹਮਾਇਤ ਦਿੱਤੀ ਜਾਵੇ।

Leave a Reply

Your email address will not be published. Required fields are marked *