ਪੰਜਾਬ

ਖੇਤੀ ਆਰਡੀਨੈਂਸ ਬਿੱਲਾਂ ਵਿਰੁੱਧ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਹਾਂ : ਮੁੱਖ ਮੰਤਰੀ

ਸਮੁੱਚੀਆਂ ਸਿਆਸੀ ਧਿਰਾਂ ਬਿੱਲਾਂ ਖਿਲਾਫ਼ ਇਕਜੁੱਟਤਾ ਨਾਲ ਕਰਨ ਆਵਾਜ਼ ਬੁਲੰਦ
ਚੰਡੀਗੜ੍ਹ, 24 ਸਤੰਬਰ (ਜਤਿੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਸਿਆਸੀ ਪਾਰਟੀਆਂ ਨੂੰ ਸੌੜੇ ਸਿਆਸੀ ਮੁਫਾਦਾਂ ਤੋਂ ਉਪਰ ਉਠਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਣ ਵਾਲੇ ਖੇਤੀ ਬਿੱਲਾਂ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਲਈ ਇਕ ਮੰਚ ‘ਤੇ ਆਉਣ ਦੀ ਅਪੀਲ ਕੀਤੀ ਹੈ।

ਕਿਸਾਨਾਂ ਦੇ ਹਿੱਤਾਂ ਦੀ ਹਰ ਕੀਮਤ ‘ਤੇ ਰਾਖੀ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਾਕਤ ਨਾਲ ਗੈਰ-ਸੰਵਿਧਾਨਕ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਸਿਆਸੀ ਲੜਾਈ ਲੜਨ ਲਈ ਅਗਵਾਈ ਕਰਨ ਵਾਸਤੇ ਤਿਆਰ ਹਨ। ਉਨ੍ਹਾਂ ਕਿਹਾ, ”ਇਨ੍ਹਾਂ ਘਾਤਕ ਨਵੇਂ ਕਾਨੂੰਨਾਂ ਤੋਂ ਮੇਰੇ ਕਿਸਾਨਾਂ ਅਤੇ ਸੂਬੇ ਨੂੰ ਬਚਾਉਣ ਲਈ ਜੋ ਕੁਝ ਵੀ ਕਰਨਾ ਪਿਆ, ਮੈਂ ਕਰਾਂਗਾ। ਇਹ ਕਾਨੂੰਨ ਸਾਡੇ ਖੇਤੀ ਸੈਕਟਰ ਨੂੰ ਖੋਖਲਾ ਕਰ ਦੇਣਗੇ ਅਤੇ ਪੰਜਾਬ ਦੀ ਖੇਤੀਬਾੜੀ ਦੀ ਜੀਵਨ ਰੇਖਾ ਨੂੰ ਤਬਾਹ ਕਰ ਦੇਣਗੇ।”
ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਅੱਗੇ ਵੀ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੇਗੀ ਤਾਂ ਕਿ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਨਾ ਸਿਰਫ ਆਪਣੇ ਕਿਸਾਨਾਂ ਅਤੇ ਕਾਮਿਆਂ ਸਗੋਂ ਸਮੁੱਚੇ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਅਤੇ ਕਿਰਤੀ ਮੁਲਕ ਦਾ ਢਿੱਡ ਭਰਨ ਲਈ ਦਿਨ-ਰਾਤ ਖੇਤਾਂ ਵਿੱਚ ਪਸੀਨਾ ਵਹਾਉਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਹ ਬਿੱਲ ਲਿਆਉਣ ਲਈ ਏਨੇ ਨੀਵੇਂ ਪੱਧਰ ‘ਤੇ ਚਲੀ ਗਈ ਜੋ ਪੂਰੀ ਤਰ੍ਹਾਂ ਗੈਰ-ਜਮਹੂਰੀ ਅਤੇ ਗੈਰ-ਸੰਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਸਹਿਯੋਗ ਨਾਲ ਉਨ੍ਹਾਂ ਦੀ ਸਰਕਾਰ ਇਨ੍ਹਾਂ ਕਾਨੂੰਨਾਂ ਦੀ ਜ਼ੋਰਦਾਰ ਢੰਗ ਨਾਲ ਮੁਖਾਲਫ਼ਤ ਕਰੇਗੀ ਕਿਉਂ ਜੋ ਇਹ ਕਾਨੂੰਨ ਨਾ ਸਿਰਫ ਕਿਸਾਨਾਂ ਸਗੋਂ ਸਮੁੱਚੇ ਮੁਲਕ ਦੇ ਖਿਲਾਫ ਭੁਗਤਦੇ ਹਨ।
ਅਕਾਲੀਆਂ ਵੱਲੋਂ ਪੰਜਾਬ ਬਨਾਮ ਕੇਂਦਰ ਦੀ ਲੜਾਈ ਨੂੰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਜਾਣਬੁੱਝ ਕੇ ਸਥਾਨਕ ਰਾਜਸੀ ਟਕਰਾਅ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਲਈ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਦਲ ਦਿੱਤਾ ਹੈ ਜੋ ਹੁਣ ਇਕ ਰਾਜਨੀਤਿਕ ਤਾਕਤ ਦੀ ਬਜਾਏ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫੇ ਨੂੰ ਅਕਾਲੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਮਜ਼ਾਕ ਉਡਾਉਂਦਿਆਂ ਖਾਰਜ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਪਾਰਟੀ ਨੂੰ ਅਗਵਾ ਕਰਦਿਆਂ ਆਪਣੇ ਨਿੱਜੀ ਹਿੱਤਾਂ ਤੇ ਫਾਇਦੇ ਲਈ ਵਰਤਿਆ ਹੈ। ਉਨ੍ਹਾਂ ਕਿਹਾ, ”ਕੀ ਕੇਂਦਰੀ ਕੈਬਨਿਟ ਅਹੁਦਾ ਛੱਡਣਾ ਇਕ ਕੁਰਬਾਨੀ ਹੈ?” ਉਨ੍ਹਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਕਿ ਅਕਾਲੀ ਦਲ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਕਰ ਸਕਦਾ ਹੈ, ਦਾ ਮੌਜੂ ਉਡਾਉਂਦਿਆਂ ਕਿਹਾ ਕਿ ਬਾਦਲਾਂ ਨੂੰ ਕੁਰਬਾਨੀ ਦਾ ਅਰਥ ਵੀ ਨਹੀਂ ਪਤਾ। ਉਨ੍ਹਾਂ ਅਕਾਲੀ ਆਗੂ ਨੂੰ ਪੁੱਛਿਆ ਕਿ ਉਹ ਕੇਂਦਰ ‘ਤੇ ਕਾਬਜ਼ ਕਿਸਾਨ ਵਿਰੋਧੀ ਐਨ.ਡੀ.ਏ. ਸਰਕਾਰ ਵਿੱਚ ਹੁਣ ਤੱਕ ਬੈਠੇ ਕੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਦਾਅਵਾ ਕਿ ਜੇ ਲੋਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਂਦੇ ਹਨ ਤਾਂ ਉਹ ਕਿਸੇ ਕਾਰਪੋਰੇਟ ਨੂੰ ਪੰਜਾਬ ਦਾਖਲ ਹੋਣ ਨਹੀਂ ਦੇਣਗੇ, ਤੋਂ ਸਪੱਸ਼ਟ ਹੁੰਦਾ ਹੈ ਕਿ ਸਾਰਾ ਕੁਝ ਸੱਤਾ ਹਾਸਲ ਕਰਨ ਵਾਸਤੇ ਹੈ। ਉਨ੍ਹਾਂ ਦੀ ਪਾਰਟੀ ਵੱਲੋਂ ਰਚਿਆ ਸਾਰਾ ਡਰਾਮਾ ਸੱਤਾ ਦੀ ਕਾਠੀ ਚੜ੍ਹਨ ਵਾਸਤੇ ਹੈ।
ਰਾਜਸੀ ਮਜਬੂਰੀ ਦੇ ਤਹਿਤ ਬਿੱਲਾਂ ਉਤੇ ਅਕਾਲੀ ਦਲ ਵੱਲੋਂ ਲਏ ਯੂ ਟਰਨ ਨੂੰ ਨਿਰਾਸ਼ਾਜਨਕ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਦੋਂ ਲਿਆ ਗਿਆ ਜਦੋਂ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰਨ ਤੌਰ ‘ਤੇ ਅਲੋਪ ਹੋਣ ਦਾ ਖਤਰਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਬਿੱਲ ਦੇ ਪੇਸ਼ ਹੋਣ ਤੱਕ ਨਾ ਹੀ ਸੁਖਬੀਰ ਸਿੰਘ ਬਾਦਲ ਅਤੇ ਨਾ ਹੀ ਉਸ ਦੀ ਪਤਨੀ ਹਰਸਿਮਰਤ ਨੇ ਕਿਸੇ ਵੀ ਮੌਕੇ ‘ਤੇ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਨਹੀਂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵੱਲੋਂ ਸਰਵ ਪਾਰਟੀ ਮੀਟਿੰਗ ਵਿੱਚ ਰੱਖੇ ਪੱਖ ਅਤੇ ਬਿੱਲ ਵਿਰੋਧੀ ਮਤਾ ਪਾਸ ਕਰਨ ਵਾਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਹਰ ਰਹਿਣ ਦਾ ਫੈਸਲੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਨੇ ਸਰਗਰਮੀ ਨਾਲ ਆਰਡੀਨੈਂਸਾਂ ਦੀ ਹਮਾਇਤ ਕਰਦਿਆਂ ਇਨ੍ਹਾਂ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਹੀ ਰਾਗ ਅਲਾਪੀ ਰੱਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿੱਲਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਵਿੱਚ ਨਾਲ ਖੜ੍ਹੇ ਹੋਣ ਦੇ ਸਾਰੇ ਦਾਅਵੇ ਪਖੰਡ ਹਨ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀ ਕਿਸਾਨ ਵੀ ਆਪਣੇ ਜ਼ਖਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਸਮਝ ਰਹੇ ਹਨ।

Leave a Reply

Your email address will not be published. Required fields are marked *