ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ‘ਚ ਭਾਜਪਾ ਨੂੰ ਛੱਡਣ ਦਾ ਐਲਾਨ
ਖੇਤੀ ਆਰਡੀਨੈਂਸ ਬਿੱਲ ਅਤੇ ਪੰਜਾਬੀ ਭਾਸ਼ਾ ਪ੍ਰਤੀ ਭਾਜਪਾ ਨੇ ਲਏ ਗਲਤ ਫੈਸਲੇ
ਚੰਡੀਗੜ੍ਹ 26 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਕੋਰ ਕਮੇਟੀ ਦੀ ਬੈਠਕ ‘ਚ ਸਰਬਸੰਮਤੀ ਨਾਲ ਭਾਜਪਾ ਨਾਲੋਂ ਤੋੜ ਵਿਛੋੜੇ ਦਾ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਸ ਬਿੱਲ ਲਿਆਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸੇ ‘ਚ ਨਹੀ ਲਿਆ ਗਿਆ ਅਤੇ ਨਾ ਹੀ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ ਇਸ ਕਰਕੇ ਖੇਤੀ ਆਰਡੀਨੈਸ ਬਿੱਲ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ਨੂੰ ਪਾਰਲੀਮੈਂਟ ਵਿਚ ਉਠਾਇਆ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਜਦੋਂ ਇਸ ਮਾਮਲੇ ਨੂੰ ਉਠਾਇਆ ਤਾਂ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇਣਾ ਹੀ ਠੀਕ ਸਮਝਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਕਿਸਾਨ ਨਾਲ ਖੜਾ ਇਸ ਕਰਕੇ ਉਹ ਹੁਣ ਭਾਜਪਾ ਦਾ ਹਿੱਸਾ ਬਣ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਭਾਸ਼ਾਵਾਂ ਐਕਟ ਵਿਚੋਂ ਮਾਂ ਬੋਲੀ ਪੰਜਾਬੀ ਨੂੰ ਬਾਹਰ ਕੀਤਾ ਗਿਆ, ਜਦ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਚੁੱਕੀ ਗਈ, ਪਰ ਭਾਸ਼ਾਵਾਂ ਪ੍ਰਤੀ ਵੀ ਬੇਰੁਖੀ ਸਾਹਮਣੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਤਰ੍ਹਾਂ ਭਾਜਪਾ ਨਾਲ ਗੱਠਜੋੜ ਨਹੀਂ ਰੱਖ ਸਕਦਾ।

