ਦੇਸ਼-ਵਿਦੇਸ਼ਪੰਜਾਬਪਟਿਆਲਾ

ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕਣ ਦਾ ਫੈਸਲਾ ਅਣ-ਐਲਾਨੀ ਐਮਰਜੈਂਸੀ ਵਰਗਾ : ਵਿਧਾਇਕ ਚੰਦੂਮਾਜਰਾ

ਖੇਤੀ ਬਿੱਲਾਂ ਦਾ ਮਸਲਾ ਸੁਲਝਾਉਣ ਦੀ ਬਜਾਏ ਥੋਪੇ ਜਾ ਰਹੇ ਫੈਸਲਿਆਂ ਨੂੰ ਲੋਕ ਸਵੀਕਾਰ ਨਹੀਂ ਕਰਨਗੇ
ਮੁੱਖ ਮੰਤਰੀ ਸਿਆਸੀ ਸਟੰਟਬਾਜ਼ੀ ਛੱਡਕੇ ਸੰਜੀਦਗੀ ਵਾਲਾ ਫੈਸਲਾ ਲੈਣ
ਪਟਿਆਲਾ 26 ਅਕਤੂਬਰ (ਮਧੂਸਾਰ ਬਿਊਰੋ)

ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕਣ ਦੇ ਫੈਸਲੇ ਦੀ ਕਰੜੀ ਸ਼ਬਦਾਂ ‘ਚ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਕਦਮ ਅਣ-ਐਲਾਨੀ ਐਮਰਜੈਂਸੀ ਵਰਗਾ ਹੈ। ਇਸ ਕਦਮ ਨਾਲ ਪੰਜਾਬ ਦੇ ਕਿਸਾਨ ਅਤੇ ਲੋਕ ਨਾ ਹੀ ਭੈਅ-ਭੀਤ ਹੋਣਗੇ ਅਤੇ ਨਾ ਹੀ ਡਰਨਗੇ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਲੋਕ ਰਾਜ ਵਿਚ ਸਰਕਾਰਾਂ ਮਸਲੇ ਸੁਲਝਾਉਣ ਲਈ ਹੁੰਦੀਆਂ ਹਨ ਅਜਿਹੇ ਥੋਪੇ ਜਾ ਰਹੇ ਫੈਸਲਿਆਂ ਨੂੰ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਰੱਦ ਕਰਨ ਬਾਰੇ ਫੈਸਲਾ ਕਰਨ ਦੀ ਬਜਾਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਲਾ ਹੀ ਰਾਹ ਫੜ੍ਹਿਆ, ਜਿਸ ਨਾਲ ਲੋਕਾਂ ਨਾਲ ਸਿੱਧੀ ਟੱਕਰ ਲੈਂਦਿਆਂ ਦੇਸ਼ ਵਿਚ ਐਮਰਜੈਂਸੀ ਵਰਗਾ ਫੈਸਲਾ ਲਿਆ ਅਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਵੀ ਲੋਕਾਂ ਅਤੇ ਕਿਸਾਨਾਂ ਨਾਲ ਸਿੱਧਾ ਟੱਕਰ ਲੈ ਕੇ ਨੁਕਸਾਨ ਕਰਨ ਵਾਲਾ ਰਾਹ ਫੜ੍ਹ ਬੈਠੇ ਹਨ ਅਤੇ ਅਜਿਹੇ ਫੈਸਲੇ ਲੈਣ ਵਾਲੀਆਂ ਸਰਕਾਰਾਂ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਲੈਕਮੇਲਿੰਗ ਅਤੇ ਅੜੀਅਲ ਰਵੱਈਆ ਮਾੜੀਆਂ ਪਿਰਤਾਂ ਨੂੰ ਜਨਮ ਦੇ ਰਿਹਾ ਹੈ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਪੈ ਚੁੱਕੀਆਂ ਪਿਰਤਾਂ ਨਾਲ ਦੇਸ਼ ਨਾ ਤਰੱਕੀ ਕਰ ਸਕਦਾ ਅਤੇ ਨਾ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਸਲੇ ਵੀ ਇਤਿਹਾਸ ‘ਚ ਕਾਲੇ ਅੱਖਰਾਂ ‘ਚ ਲਿਖੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਵੇਂ ਕਾਂਗਰਸ ਅਤੇ ਭਾਜਪਾ ਦੀ ਸਰਕਾਰ ਆਈ ਪਰ ਕਿਤੇ ਨਾ ਕਿਤੇ ਏਨਾ ਦੀ ਸੋਚ ਅਤੇ ਨੀਤੀ ਸਪੱਸ਼ਟ ਹੋ ਕੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਰਵੱਈਏ ਨੇ ਪੰਜਾਬ ਨੂੰ ਇਹ ਸੁਨੇਹਾ ਜ਼ਰੂਰ ਦਿੱਤੇ ਹਨ ਕਿ ਸਾਰੀਆਂ ਸਿਆਸੀ ਜਮਾਤਾਂ ਅਤੇ ਲੋਕਾਂ ਨੂੰ ਸਤਰਕ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਨੂੰ ਸਿਆਸੀ ਸਟੰਟਬਾਜ਼ੀ ਛੱਡਕੇ ਸੰਜੀਦਗੀ ਨਾਲ ਫੈਸਲਾ ਕਰਨਾ ਚਾਹੀਦਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਜੋ ਵਿਧਾਨ ਸਭਾ ਵਿਚ ਹੋਇਆ ਅਜਿਹਾ ਰਵੱਈਆ ਮੁੱਖ ਮੰਤਰੀ ਨੂੰ ਛੱਡਣਾ ਪਵੇਗਾ। ਵਿਧਾਇਕ ਚੰਦੂਮਾਜਰਾ ਨੇ ਅਪੀਲ ਕਰਦਿਆਂ ਕਿਹਾ ਕਿ ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਅੱਜ ਪੰਜਾਬ ਦੇ ਲੋਕਾਂ ਅਤੇ ਸਿਆਸੀ ਜਮਾਤਾਂ ਨੂੰ ਏਕਾ ਅਤੇ ਤਾਕਤ ਵਿਖਾਉਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਸੁਖਬੀਰ ਸਿੰਘ ਅਬਲੋਵਾਲ, ਜਰਨੈਲ ਸਿੰਘ ਖਾਲਸਾ, ਜਸਵਿੰਦਰਪਾਲ ਸਿੰਘ ਚੱਢਾ, ਸੰਦੀਪ ਸਿੰਘ ਰਾਜਾ, ਗੁਰਦੀਪ ਸਿੰਘ ਸ਼ੇਖੂਪੁਰ, ਹਰਮੀਤ ਸਿੰਘ, ਵਰਿੰਦਰ ਸਿੰਘ ਡਕਾਲਾ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *