ਦੇਸ਼-ਵਿਦੇਸ਼ਪੰਜਾਬ

ਦੇਸ਼ ਭਰ ‘ਚ ਬੰਦ ਦੇ ਸੱਦੇ ਨੂੰ ਹੁੰਗਾਰਾ : ਆਵਾਜਾਈ ਰਹੀ ਠੱਪ, ਬਾਜ਼ਾਰ ਰਹੇ ਬੰਦ

ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਸਮੇਤ ਸਾਰੇ ਵਰਗ ਸ਼ਾਮਲ
30-ਕਿਸਾਨ ਜਥੇਬੰਦੀਆਂ ਵੱਲੋਂ ਲੋਕਾਂ ਦੇ ਸਹਿਯੋਗ ਲਈ ਧੰਨਵਾਦ
ਨਵੀਂ ਦਿੱਲੀ 8 ਦਸੰਬਰ (ਮਧੂਸਾਰ ਬਿਊਰੋ)
ਦੇਸ਼-ਭਰ ਦੀਆਂ 472 ਕਿਸਾਨ-ਜਥੇਬੰਦੀਆਂ ਵੱਲੋਂ ਦਿੱਤੇ ਭਾਰਤ-ਬੰਦ ਦੇ ਸੱਦੇ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਭਰ ‘ਚ 30 ਕਿਸਾਨ-ਜਥੇਬੰਦੀਆਂ ਵੱਲੋਂ ਆਵਾਜਾਈ ਠੱਪ ਕੀਤੀ ਗਈ ਅਤੇ ਬਜ਼ਾਰ ਵੀ ਬੰਦ ਰਹੇ। ਕਿਸਾਨ-ਜਥੇਬੰਦੀਆਂ ਨਾਲ ਇੱਕਜੁੱਟਤਾ ਪ੍ਰਗਟਾਉਂਦਿਆਂ ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਸਮੇਤ ਸਾਰੇ ਵਰਗਾਂ ਵੱਲੋਂ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ।

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 3 ਖੇਤੀ-ਕਾਨੂੰਨਾਂ, ਬਿਜ਼ਲੀ ਸੋਧ-ਬਿਲ-2020 ਅਤੇ ਪਰਾਲੀ ਸਬੰਧੀ ਆਰਡੀਨੈਂਸ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਲਈ ਦਿੱਲੀ ਵਿਚ ਚੱਲ ਰਹੇ ਦੇਸ਼-ਪੱਧਰੀ ਕਿਸਾਨ-ਮੋਰਚੇ ਕੇਂਦਰ-ਸਰਕਾਰ ਦਾ ਗਰੂਰ ਤੋੜਨ ‘ਚ ਕਾਮਯਾਬ ਹੋਏ ਹਨ। ਭਾਰਤ ਬੰਦ ਦੌਰਾਨ ਪੰਜਾਬ ‘ਚ ਵੀ ਹਰ ਵਰਗ ਦੇ ਲੋਕਾਂ ਨੇ ਭਰਵਾਂ ਸਹਿਯੋਗ ਦਿੱਤਾ ਹੈ, ਜਿਸ ਲਈ ਸਮੂਹ ਕਿਸਾਨ-ਜਥੇਬੰਦੀਆਂ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ। ਕੈਪਸ਼ਨ : ਬਠਿੰਡਾ-ਚੰਡੀਗੜ੍ਹ ਰੋਡ ‘ਤੇ ਭਵਾਨੀਗੜ੍ਹ ਵਿਖੇ ਆਵਾਜਾਈ ਠੱਪ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਜੁਟੇ ਲੋਕ ਕੇਂਦਰ-ਸਰਕਾਰ ਖਿਲਾਫ਼ ਰੋਸ-ਪ੍ਰਗਟਾਉਂਦਿਆਂ।
ਭਾਰਤ ਬੰਦ ਤਹਿਤ ਅੱਜ ਬਠਿੰਡਾ ਸ਼ਹਿਰ ਮੁਕੰਮਲ ਤੌਰ ‘ਤੇ ਬੰਦ ਰਿਹਾ। ਬੰਦ ਸਮਰਥਕ ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਵੱਲੋਂ ਇੱਥੇ ਭਾਈ ਘਨ੍ਹੱਈਆ ਚੌਕ ਵਿਚ ਧਰਨਾ ਲਾ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ। ਇਸ ਦੌਰਾਨ ਉਸ ਵਕਤ ਕੁਝ ਤਲਖੀ ਆਈ ਜਦੋਂ ਅੰਦੋਲਨਕਾਰੀ ਧਰਨੇ ਦੀ ਸ਼ੁਰੂਆਤ ਕਰ ਰਹੇ ਸਨ। ਕੁਝ ਗਰਮ ਖਿਆਲੀ ਲੋਕਾਂ ਵੱਲੋਂ ਇੱਥੋਂ ਲੰਘ ਰਹੀ ਇਕ ਸੈਂਟਰੋ ਕਾਰ ‘ਤੇ ਹਮਲਾ ਕਰਕੇ ਉਸ ਦਾ ਸਾਹਮਣੇ ਵਾਲਾ ਸ਼ੀਸ਼ਾ ਤੋੜ ਦਿੱਤਾ ਗਿਆ। ਕਾਰ ਵਿੱਚ ਇਕ ਸੈਨਿਕ ਸਵਾਰ ਸੀ ਜੋ ਬੀਕਾਨੇਰ ਜਾ ਰਿਹਾ ਸੀ।
ਕੁਝ ਬੰਦ ਸਮਰਥਕ ਜਥੇਬੰਦੀਆਂ ਵੱਲੋਂ ਇਥੋਂ ਦੇ ਰਿਲਾਇੰਸ ਮਾਲ ਅੱਗੇ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਇੱਕ ਵੱਖਰੇ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਈ ਗਈ।
ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ‘ਭਾਰਤ ਬੰਦ’ ਦੇ ਸੱਦੇ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਚ ਵੀ ਭਰਵਾਂ ਸਮਰਥਣ ਮਿਲਿਆ ਹੈ। ਸ਼ਹਿਰ ਦੇ ਸਾਰੇ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਮੁਕੰਮਲ ਤੌਰ ‘ਤੇ ਬੰਦ ਹਨ। ਬਜ਼ਾਰਾਂ ‘ਚ ਸੁੰਨ ਪਸਰੀ ਹੋਈ ਹੈ। ਚੱਕਾ ਜਾਮ ਦੇ ਸੱਦੇ ਹੇਠ ਸ਼ਹਿਰ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਆਵਾਜਾਈ ਬੰਦ ਹੈ। ਸ਼ਹਿਰ ਨੇੜਲੇ ਕਸਬਿਆਂ ਤੇ ਪਿੰਡਾਂ ‘ਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੱਖ ਵੱਖ ਸੜਕਾਂ ‘ਤੇ ਕਿਸਾਨਾਂ ਤੇ ਹੋਰ ਕਾਰੋਬਾਰੀ ਲੋਕਾਂ ਵੱਲੋਂ ਚੱਕਾ ਜਾਮ ਨੂੰ ਸਫ਼ਲ ਬਣਾਉਣ ਲਈ ਧਰਨੇ ਦਿੱਤੇ ਜਾ ਰਹੇ ਹਨ। ਭਾਰਤ ਬੰਦ ਦੇ ਸਮਰਥਣ ‘ਚ ਵਿਦਿਆਰਥੀਆਂ ਤੇ ਮੁਲਾਜ਼ਮਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਨ ਗੇਟ ਬੰਦ ਕਰਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤਿੰਨੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ-2020 ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।

Leave a Reply

Your email address will not be published. Required fields are marked *