ਪੰਜਾਬਪਟਿਆਲਾ

ਵਿਵਾਦ : ਭਾਸ਼ਾ ਵਿਭਾਗ ਦੇ ਵਿਹੜੇ ਦੀ ਹਰਿਆਲੀ ਨੂੰ ਲੱਗਿਆ ਗ੍ਰਹਿਣ !

100 ਸਾਲ ਪੁਰਾਣੇ ਦਰਖਤਾਂ ‘ਤੇ ਵੀ ਚੱਲ ਸਕਦਾ ਕੁਹਾੜਾ
ਰਮਨਦੀਪ/ਮਧੂਸਾਰ ਬਿਊਰੋ
ਪਟਿਆਲਾ :
ਭਾਸ਼ਾ ਵਿਭਾਗ ਪੰਜਾਬ ਭਾਸ਼ਾ ਦੇ ਵਿਕਾਸ ਨੂੰ ਲੈ ਕੇ ਜਿਥੇ ਪਹਿਲਾਂ ਹੀ ਵਿਵਾਦਾਂ ‘ਚ ਘਿਰਿਆ ਹੋਇਆ, ਉਥੇ ਹੀ ਭਾਸ਼ਾ ਵਿਭਾਗ ਦੇ ਵਿਹੜੇ ਦੀ ਹਰਿਆਲੀ ਨੂੰ ਵੀ ਗ੍ਰਹਿਣ ਲੱਗਣ ਪਿਆ ਹੈ। ਵਿਭਾਗ ਦੇ ਵਿਹੜੇ ‘ਚ ਕੱਟੇ ਜਾ ਰਹੇ ਹਰੇ-ਭਰੇ ਦਰਖਤ ਇਸ ਦੀ ਗਵਾਹੀ ਭਰਦੇ ਹਨ। ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਕੇ ਹਰਿਆ-ਭਰਿਆ ਵਾਤਾਵਰਣ ਬਣਾਉਣ ਅਤੇ ਬਚਾਉਣ ਦਾ ਦਾਅਵਾ ਕੀਤਾ ਜਾਂਦਾ ਦੂਜੇ ਪਾਸੇ ਸਰਕਾਰ ਦਾ ਇਹ ਵਿਭਾਗ ਦਰਖਤਾਂ ਅਤੇ ਕਟਵਾਈ ਅਤੇ ਪੌਦਿਆਂ ਦੀ ਛਗਾਈ ਕਰਨ ਤੇ ਜ਼ੋਰ ਦੇ ਰਿਹਾ। ਵਿਭਾਗ ਦੇ ਵਿਹੜੇ ‘ਚ ਕੱਟੇ ਜਾ ਰਹੇ ਇਹ ਉਹ ਦਰਖਤ ਹਨ, ਜੋ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਹਰਿਆਵਲ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਲਗਵਾਏ ਸਨ। ਦਰਖਤਾਂ ਦੀ ਕੱਟਾਈ ਤੋਂ ਸਪੱਸ਼ਟ ਹੈ ਕਿ ਵਿਭਾਗ ਅੰਦਰਲੇ ਪਾਰਕਾਂ ‘ਚ ਲੱਗੇ ਦਰਖਤ ਹੁਣ ਸੁਰੱਖਿਅਤ ਨਹੀਂ ਰਹੇ, ਇਥੋਂ ਤੱਕ 100 ਸਾਲਾ ਪੁਰਾਣੇ ਦਰਖਤਾਂ ‘ਤੇ ਕੁਹਾੜਾ ਕਿਸੇ ਵੇਲੇ ਵੀ ਚੱਲ ਸਕਦਾ। ਭਾਸ਼ਾ ਵਿਭਾਗ ਦੀ ਇਸ ਜਗਾ ਨੂੰ ਕਿਸੇ ਵੇਲੇ ਸਿਟੀ ਹਾਈ ਗਰਾਊਂਡ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ, ਜਿਥੇ ਅੱਜ ਭਾਸ਼ਾ ਵਿਭਾਗ ਤੋਂ ਇਲਾਵਾ ਨਾਰਥ ਜ਼ੋਨ ਕਲਚਰ ਸੈਂਟਰ ਤੇ ਐਨਸੀਸੀ ਦਾ ਦਫਤਰ ਵੀ ਚੱਲ ਰਿਹਾ ਹੈ।

ਵਿਭਾਗ ਨਾਲ ਲੱਗਦੇ ਰਿਹਾਇਸ਼ੀ ਖੇਤਰ ਦੇ ਨਿਵਾਸੀਆਂ ਨੇ ਦਰਖਤ ਕੱਟੇ ਜਾਣ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਰੁੱਖਾਂ ਦੀ ਕਟਾਈ ਨੂੰ ਲੈ ਕੇ ਰੋਕ ਲਾਉਣ ‘ਤੇ ਜ਼ੋਰ ਦਿੰਦੀ ਹੈ, ਦੂਜੇ ਸਰਕਾਰ ਦਾ ਇਹ ਵਿਭਾਗ ਚੁੱਪ ਚੁਪੀਤੇ ਦਰਖਤਾਂ ਨੂੰ ਕੱਟਣ ਅਤੇ ਪੌਦਿਆਂ ਦੀ ਛਗਾਈ ਕਰਵਾਉਣ ਨੂੰ ਪਹਿਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਪਾਰਕ ਵਿਚ ਖੜੇ ਹਰੇ ਭਰੇ ਰੁੱਖ ਸੋਹਣਾ ਵਾਤਾਵਰਣ ਪ੍ਰਦਾਨ ਕਰਦੇ ਹਨ, ਪਰ ਅੱਜ ਨਵੇਂ ਅਤੇ ਪੁਰਾਣੇ ਦਰਖਤਾਂ ਦੀ ਕਟਾਈ ਨਾਲ ਵਿਭਾਗ ਦੀ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ 100 ਸਾਲ ਪੁਰਾਣੇ ਦਰਖਤਾਂ ਦੀ ਕਿਸੇ ਸਮੇਂ ਵੀ ਬਲੀ ਲਈ ਜਾ ਸਕਦੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਰਖਤਾਂ ਦੀ ਕਟਾਈ ਰੋਕੀ ਜਾਵੇ ਅਤੇ ਹਰਿਆਲੀ ਨੂੰ ਬਚਾਇਆ ਜਾਵੇ।

ਨਸ਼ੇੜੀਆਂ ਤੋਂ ਦੁਖੀ ਹੋ ਕੇ ਕਟਵਾਏ ਦਰਖੱਤ : ਸਹਾਇਕ ਡਾਇਰੈਕਟਰ
ਵਿਭਾਗ ਦੇ ਵਿਹੜੇ ਵਿਚੋਂ ਕੱਟੇ ਜਾ ਰਹੇ ਦਰਖਤ ‘ਤੇ ਸਹਾਇਕ ਡਾਇਰੈਕਟਰ ਸਤਨਾਮ ਸਿੰਘ ਨੇ ਪਹਿਲਾਂ ਤਾਂ ਅਣਜਾਣਤਾ ਪ੍ਰਗਟਾਈ, ਪਰ ਬਾਅਦ ‘ਚ ਉਨ੍ਹਾਂ ਕਿਹਾ ਕਿ ਇਹ ਵਿਭਾਗੀ ਕਾਰਵਾਈ ਹੈ। ਉਨ੍ਹਾਂ ਦੱਸਿਆ ਕਿ ਦਰਖਤਾਂ ਅਤੇ ਪੌਦਿਆਂ ਦੀ ਛਗਾਈ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਨਸ਼ੇੜੀ ਕਿਸਮ ਦੇ ਵਿਅਕਤੀ ਰੁੱਖਾਂ ਦੀ ਓਟ ‘ਚ ਪਾਰਕਾਂ ਦਾ ਵਾਤਾਵਰਣ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਧਿਆਨ ‘ਚ ਲਿਆਂਦਾ ਗਿਆ ਸੀ ਕਿ ਅਕਸਰ ਨਸ਼ੇੜੀ ਏਨਾਂ ਦੀ ਰੁੱਖਾਂ ਦੀ ਓਟ ‘ਚ ਨਸ਼ਾ ਕਰਦੇ ਵਿਖਾਈ ਦਿੱਤੇ ਹਨ, ਜਿਸ ਕਾਰਨ ਦਰਖਤ ਨਹੀਂ ਕੱਟੇ ਜਾ ਰਹੇ ਬਲਕਿ ਰੁੱਖਾਂ ਦੀ ਛਗਾਈ ਹੀ ਕੀਤੀ ਜਾ ਰਹੀ ਹੈ।  

Leave a Reply

Your email address will not be published. Required fields are marked *