ਕੈਪਟਨ ਨੇ ਕੇਜਰੀਵਾਲ ਦੇ ਦਾਅਵਿਆਂ ਦੇ ਉਦੇੜੇ ਪਾਜ !
ਚੰਡੀਗੜ੍ਹ, 22 ਮਾਰਚ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਦੇ ਝੂਠੇ ਦਾਅਵਿਆਂ ਤੇ ਬੇਬੁਨਿਆਦ ਦੋਸ਼ਾਂ ਦਾ ਪਾਜ ਉਘੇੜਦਿਆਂ ਆਪ ਆਗੂ ਵੱਲੋਂ ਬੋਲੇ ਜਾਂਦੇ ਸ਼ਰਮਨਾਕ ਝੂਠਾਂ ਨੂੰ 2017 ਦੀਆਂ ਚੋਣਾਂ ਵੇਲੇ ਕਾਂਗਰਸ ਉਤੇ ਕੀਤੇ ਹੋਛੇ ਹਮਲਿਆਂ ਤੇ ਝੂਠੇ ਦਾਅਵਿਆਂ ਦੀ ਮੁੜ ਦੁਹਰਾਈ ਗਰਦਾਨਿਆ।
‘ਮੁੱਖ ਮੰਤਰੀ ਨੇ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਸਰਕਾਰ ਅਤੇ ਸੂਬਾਈ ਕਾਂਗਰਸ ਦੀ ਕੀਤੀ ਆਲੋਚਨਾ ਦਾ ਕਰੜਾ ਜਵਾਬ ਦਿੰਦਿਆ ਕਿਹਾ, ‘‘ਪੰਜਾਬ ਦੇ ਲੋਕਾਂ ਨੇ ਸਮਝਦਾਰੀ ਵਿਖਾਉਦੇ ਹੋਏ ਉਸ ਸਮੇਂ ਤੁਹਾਡੇ ਫਰੇਬ ਨੂੰ ਪਛਾਣ ਲਿਆ ਅਤੇ ਹੁਣ ਵੀ ਲੋਕ ਤੁਹਾਡੇ ਝੂਠ ਤੋਂ ਵਾਕਫ ਹਨ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਾ ਚਿੱਟੇ ਦਿਨ ਬੋਲਿਆ ਝੂਠ ਫੇਰ ਬੇਨਕਾਬ ਹੋਵੇਗਾ ਜਿਵੇਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਇਆ ਸੀ। ਉਨ੍ਹਾਂ ਆਪ ਦੇ ਕੌਮੀ ਕਨਵੀਨਰ ਦੇ ਮਨਘੜਤ ਦੋਸ਼ਾਂ ਲਈ ਉਸ ਦੀ ਆਲੋਚਨਾ ਕਰਦਿਆਂ ਕਿਹਾ, ‘‘ਪੰਜਾਬ ਜਾਣਦਾ ਹੈ ਕਿ ਤੁਸੀਂ (ਕੇਜਰੀਵਾਲ) ਕਿਵੇਂ ਪਹਿਲੇ ਦਰਜੇ ਦੇ ਫਰੇਬੀ ਅਤੇ ਝੂਠਿਆਂ ਦੇ ਸਿਰਤਾਜ ਹੋ।’’
ਦਿੱਲੀ ਦੇ ਆਪਣੇ ਹਮਰੁਤਬਾ ਵੱਲੋਂ ਪੰਜਾਬ ਵਿਚਲੀ ਕਾਂਗਰਸ ਸਰਕਾਰ ’ਤੇ ਚੋਣ ਵਾਅਦੇ ਪੂਰੇ ਨਾ ਕਰਨ ਲਈ ਕੀਤੀ ਆਲੋਚਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ 84 ਫੀਸਦੀ ਵਾਅਦੇ ਪੂਰੇ ਕਰਨ ਦੇ ਟਰੈਕ ਰਿਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨਾਲ ਕੀਤੀ ਜਾਵੇ ਜਿਸ ਨੇ 2020 ਵਿੱਚ 2015 ਦੇ ਆਪ ਦੇ ਮੈਨੀਫੈਸਟੋ ਵਿਚਲੇ ਸਿਰਫ 25 ਫੀਸਦੀ ਵਾਅਦੇ ਪੂਰੇ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਜੇ ਇਹੀ ਦਿੱਲੀ ਮਾਡਲ ਹੈ ਜਿਸ ਦਾ ਵਾਅਦਾ ਤੁਸੀਂ (ਕੇਜਰੀਵਾਲ) ਪੰਜਾਬ ਨਾਲ ਕਰਦੇ ਹੋ ਤਾਂ ਮੇਰੇ ਲੋਕ ਇਸ ਤੋਂ ਬਗੈਰ ਹੀ ਬਿਹਤਰ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਦਾਅਵਿਆਂ ਅਤੇ ‘ਬਦਲਾ’ ਦੀਆਂ ਗੱਲਾਂ ਵਿੱਚ ਪੈਣ ਦੀ ਬਜਾਏ ਦਿੱਲੀ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਿੱਥੇ ਉਨ੍ਹਾਂ ਵੱਲੋਂ ਕੀਤੇ ਚੋਣ ਵਾਅਦਿਆਂ ਵਿੱਚੋਂ ਹਾਲੇ 50 ਫੀਸਦੀ ਨੂੰ ਹੀ ਪੂਰਾ ਕਰਨ ਦੀ ਹੀ ਤਵੱਕੋ ਕੀਤੀ ਜਾ ਰਹੀ ਹੈ।
2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇ ਪੰਜ ਸਾਲ ਪੂਰੇ ਹੋਣ ’ਤੇ ਕੀਤੇ ਆਜ਼ਾਦਾਨਾ ਸਰਵੇਖਣ ਜਿਸ ਅਨੁਸਾਰ ਕੇਜਰੀਵਾਲ ਨੇ 70 ਵਿੱਚੋਂ ਸਿਰਫ 11 ਵਾਅਦੇ ਹੀ ਪੂਰੇ ਕੀਤੇ ਸਨ, ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਤੌਰ ਉਤੇ ਮੌਜੂਦ ਤੱਥਾਂ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਜਦੋਂ ਆਪਣੇ ਵਾਅਦੇ ਪੂਰੇ ਕਰਨ ਦੀ ਗੱਲ ਆਉਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਚਰਿੱਤਰ ਜੱਗ ਜ਼ਾਹਰ ਹੋ ਜਾਂਦਾ ਹੈ। ਬੀਤੇ ਦਿਨੀਂ ਮਹਾਂਪੰਚਾਇਤ ਦੌਰਾਨ ਕੇਜਰੀਵਾਲ ਵੱਲੋਂ ਕੀਤੇ ਡਰਾਮੇ ’ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਦਿੱਲੀ ਦੇ ਵੋਟਰਾਂ ਵਾਂਗ ਪੰਜਾਬ ਵਾਸੀ ਅਜਿਹੇ ਵੱਡੇ-ਵੱਡੇ ਵਾਅਦਿਆਂ ਦੇ ਜਾਲ ਵਿੱਚ ਨਹੀਂ ਫਸਣਗੇ ਅਤੇ ਉਹ ਆਪਣੀਆਂ ਅੱਖਾਂ ਨਾਲ ਜ਼ਮੀਨੀ ਸੱਚਾਈ ਤੋਂ ਭਲੀਭਾਂਤ ਵਾਕਫ ਹਨ।’’
ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਰਿਕਾਰਡ ਉਤੇ ਹੈ ਕਿ ਦਿੱਲੀ ਦੇ ਕਾਂਗਰਸੀ ਆਗੂ ਅਜੇ ਮਾਕਨ ਵੱਲੋਂ ਵਾਰ-ਵਾਰ ਸਵਾਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਦੀ ਆਪ ਸਰਕਾਰ 2015 ਵਿੱਚ ਕੀਤੇ 8 ਲੱਖ ਨੌਕਰੀਆਂ ਦੇ ਵਾਅਦਿਆਂ ਸਬੰਧੀ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਬਹੁਤ ਪ੍ਰਚਾਰੇ ਗਏ ਦਿੱਲੀ ਹੁਨਰ ਮਿਸ਼ਨ ਨੂੰ ਵੀ ਸ਼ੁਰੂ ਨਹੀਂ ਕੀਤਾ ਗਿਆ। ਸਰਵੇਖਣ ਦੇ ਅੰਕੜਿਆਂ ਅਨੁਸਾਰ ਕੇਜਰੀਵਾਲ ਸਰਕਾਰ ਨੇ 2016 ਵਿੱਚ 102, 2017 ਵਿੱਚ 66 ਅਤੇ ਅਪਰੈਲ 2018 ਤੱਕ 46 ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ, ‘‘ਦਿੱਲੀ ਦੇ ਅਜਿਹੇ ਅੰਕੜਿਆਂ ਦੇ ਬਲਬੂਤੇ ਜੇਕਰ ਤੁਸੀਂ ਮੇਰੀ ਸਰਕਾਰ ਦੇ ਰੋਜ਼ਗਾਰ ਬਾਰੇ ਅੰਕੜਿਆਂ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਵਾਕਿਆ ਹੀ ਕੋਈ ਸ਼ਰਮ ਨਹੀਂ ਹੈ।’’

