ਬੁੱਢਾ ਦਲ ਵੱਲੋਂ ਇੰਟਰਨੈਸ਼ਨਲ ਦੋ ਰੋਜ਼ਾ ਗੱਤਕਾ ਮੁਕਾਬਲੇ ਆਰੰਭ ਅੱਜ
ਵਿਸ਼ੇਸ਼ ਪੰਜ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ
ਦਿਲਜੀਤ ਸਿੰਘ ਬੇਦੀ ਵੱਲੋਂ ਸੰਪਾਦਨ ਨਿਹੰਗ ਸਿੰਘ ਸੰਦੇਸ਼ ਹੋਵੇਗਾ ਰੀਲੀਜ਼
ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਦੇ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਵਿਰਸਾ ਸੰਭਾਲ ਇੰਟਰ ਨੈਸ਼ਨਲ ਗਤਕਾ ਮੁਕਾਬਲਿਆਂ ਦੀ ਅਰੰਭਤਾ ਅੱਜ ਖਾਲਸਾਈ ਸ਼ਾਨੋ-ਸ਼ੋਕਤ ਨਾਲ ਭਾਈ ਸੁਖਜੀਤ ਸਿੰਘ ਕਨ੍ਹਇਆ ਵੱਲੋ ਅਰਦਾਸ ਕਰਨ ਉਪਰੰਤ ਕੀਤੀ ਗਈ।
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਸ਼ਖਸ਼ੀਅਤਾਂ ਨੇ ਗਤਕਾ ਮੁਕਾਬਲਿਆਂ ਦੀ ਰਸਮੀ ਸ਼ੁਰੂਵਾਤ ਕਰਵਾਈ।ਸਿੱਖ ਪ੍ਰੰਪਰਾਵਾਂ ਨੂੰ ਰੂਪਮਾਨ ਕਰਦੀ ਇਸ ਜੰਗਜੂ ਕਲਾ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ ।ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਟੀਮਾਂ ਨੂੰ ਸਮਾਪਤੀ ਸਮੇਂ ਵਿਸ਼ੇਸ਼ ਮੈਡਲ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ।ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗਤਕਾ ਗੁਰੂ ਸਾਹਿਬ ਵੱਲੋਂ ਬਖਸ਼ੀ ਜੰਗਜੂ ਕਲਾ ਹੈ ਅਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਗਤਕੇ ਦੀ ਇਸ ਸ਼ਸ਼ਤਰ ਕਲਾ ਨੂੰ ਉਹ ਲੋਕ ਹੀ ਅਪਨਾਉਣ ਜੋ ਸਿੱਖੀ ਸਰੂਪ ਵਿਚ ਪ੍ਰਪੱਕ ਹਨ।
ਇਸੇ ਦੌਰਾਨ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪਿਛਲੇ 15 ਸਾਲਾਂ ਤੋਂ ਵਿਰਸਾ ਸੰਭਾਲ ਇੰਟਰ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਇਸ ਵਾਰ ਵੀ ਦੋ ਰੋਜ਼ਾ ਵਿਰਸਾ ਸੰਭਾਲ ਇੰਟਰ ਨੈਸ਼ਨਲ ਗਤਕਾ ਮੁਕਾਬਲੇ ਅੱਜ ਤੇ ਕੱਲ ਨੂੰ ਹੋ ਰਹੇ ਹਨ।ਉਨ੍ਹਾਂ ਕਿਹਾ ਪਿਛਲੀ ਰਵਾਇਤ ਮੁਤਾਬਕ ਹੀ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 5 ਸਖਸ਼ੀਅਤਾਂ ਇਸ ਵਾਰ ਵੀ ਬੁੱਢਾ ਦਲ ਵੱਲੋਂ ਸਨਮਾਨਿਤ ਹੋ ਰਹੀਆਂ ਹਨ।ਜਿਨਾਂ ਵਿਚ ਸੰਤ ਬਾਬਾ ਜਗਜੀਤ ਸਿੰਘ ਡੇਰਾ ਸੰਤਗੜ੍ਹ, ਹਰਖੋਵਾਲ, ਹੁਸ਼ਿਆਰਪੁਰ, ਡਾ. ਜਸਬੀਰ ਸਿੰਘ ਸਰਨਾ ਕਸ਼ਮੀਰ ਅਤੇ ਸ੍ਰ. ਹਰਵਿੰਦਰ ਸਿੰਘ ਖਾਲਸਾ ਬਠਿੰਡਾ ਨੂੰ ਬੁੱਢਾ ਦਲ ਦੇ ਤੀਸਰੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ ਯਾਦਗਾਰੀ ਐਵਾਰਡ, ਜਥੇ: ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਪ੍ਰਬੰਧਕੀ ਬੋਰਡ ਨੂੰ ਬੁੱਢਾ ਦਲ ਦੇ ਛੇਵੇਂ ਜਥੇਦਾਰ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਯਾਦਗਾਰੀ ਐਵਾਰਡ, ਬੁੱਢਾ ਦਲ ਦੇ ਘੋੜਿਆਂ ਦੇ ਜਥੇਦਾਰ ਬਾਬਾ ਇੰਦਰ ਸਿੰਘ ਜੀ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਯਾਦਗਾਰੀ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਵਿਸਾਖੀ ਦੇ ਪਾਵਨ ਦਿਹਾੜੇ ਤੇ “ਬੁੱਢਾ ਦਲ ਦੇ ਤੀਸਰੇ ਜਥੇ: ਨਵਾਬ ਕਪੂਰ ਸਿੰਘ ਜੀ ਵਿਸ਼ੇਸ਼ ਪੁਸਤਕ” ਅਤੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਵਿਸ਼ੇਸ਼ ਕਿਤਾਬਚਾ “ਨਿਹੰਗ ਸਿੰਘ ਸੰਦੇਸ਼” ਨੂੰ ਵੀ ਰਲੀਜ਼ ਕੀਤਾ ਜਾਵੇਗਾ। ਇਸ ਮੌਕੇ ਬਾਬਾ ਨੌਰੰਗ ਸਿੰਘ ਹਰੀਆਂ ਵੇਲਾਂ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਧੰਨਾ ਸਿੰਘ ਤਰਨਾ ਦਲ ਖਿਆਲਾ ਕਲਾਂ, ਬਾਬਾ ਬਲਦੇਵ ਸਿੰਘ ਢੋਢੀਵਿੰਡ, ਬਾਬਾ ਹਰਪ੍ਰੀਤ ਸਿੰਘ ਹੈਪੀ, ਭਾਈ ਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਤੇ ਸੰਗਤਾਂ ਹਾਜ਼ਰ ਸਨ।

