ਦਾਦੂਵਾਲ ਨਾਲ ਡੇਰਾ ਬਿਆਸ ਦੀ ਮੁਲਾਕਾਤ !
ਕਾਲਾਂਵਾਲੀ 2 ਅਪ੍ਰੈਲ (ਮਧੂਸਾਰ ਬਿਊਰੋ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵਿਖੇ ਹਰਿਆਣਾ ਗੁਰਦੁਆਰਾ ਸਾਹਿਬ ਵਿਖੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਲਈ ਪੁੱਜੇ। ਮਿਲੀ ਜਾਣਕਾਰੀ ਮੁਤਾਬਕ ਬਾਬਾ ਢਿੱਲੋਂ ਅਤੇ ਦਾਦੂਵਾਲ ਵਿਚਾਲੇ ਲਗਭਗ ਇਕ ਘੰਟੇ ਮੁਲਾਕਾਤ ਹੋਈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ’ਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਲਈ ਪੁੱਜੇ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਆਉਣ ਦੀ ਭਿਣਕ ਨਹੀਂ ਲੱਗੀ।
ਬਾਬਾ ਗੁਰਿੰਦਰ ਸਿੰਘ ਜਦੋਂ ਵੀ ਇੱਥੇ ਆਉਂਦੇ ਹਨ ਤਾਂ ਉਹ ਮੀਡੀਆ ਤੋਂ ਦੂਰੀ ਬਣਾਈ ਰੱਖਦੇ ਹਨ। ਉਹ ਜਦੋਂ ਵੀ ਆਉਂਦੇ ਹਨ ਤਾਂ ਤਕਰੀਬਨ ਇਕ ਘੰਟਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਬੰਦ ਕਮਰਾ ਗੱਲਬਾਤ ਕਰਦੇ ਹਨ। ਇਸ ਸਬੰਧੀ ਜਦੋਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਸਥਾਨ ਉੱਤੇ ਆ ਚੁੱਕੇ ਹਨ ਅਤੇ ਅੱਜ ਵੀ ਇਸ ਇਲਾਕੇ ’ਚੋਂ ਲੰਘ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਮਿਲਣ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਦਾਦੂ ’ਚ ਆਏ ਸਨ ਪਰ ਇਸ ਦੇ ਕੋਈ ਹੋਰ ਮਤਲਬ ਨਹੀਂ ਕੱਢੇ ਜਾਣੇ ਚਾਹੀਦੇ ਹਨ।

