ਮੁਖਤਾਰ ਅੰਸਾਰੀ ਨੂੰ ਲੈ ਕੇ ਬਾਂਦਾ ਜੇਲ੍ਹ ਪੁੱਜੀ ਯੂਪੀ ਪੁਲੀਸ !
ਬਾਂਦਾ(ਉੱਤਰ ਪ੍ਰਦੇਸ਼), 7 ਅਪਰੈਲ (ਮਧੂਸਾਰ ਬਿਊਰੋ) ਕਰੀਬ ਦੋ ਵਰ੍ਹੇ ਪੰਜਾਬ ਦੀ ਜੇਲ੍ਹ ਵਿੱਚ ਗੁਜਾਰਨ ਬਾਅਦ ਬਸਪਾ ਵਿਧਾਇਕ ਅਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਬੁੱਧਵਾਰ ਤੜਕੇ ਸਖਤ ਸੁਰੱਖਿਆ ਹੇਠ ਬੁਦੇਲਖੰਡ ਦੀ ਬਾਂਦਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ।
ਉਧਰ, ਲਖਨਊ ਵਿੱਚ ਐੱਮਪੀ-ਐੱਮਐੱਲਏ(ਸੰਸਦ ਮੈਂਬਰ-ਵਿਧਾਇਕ) ਦੀ ਵਿਸ਼ੇਸ਼ ਅਦਾਲਤ ਨੇ 12 ਅਪਰੈਲ ਨੂੰ ਮੁਲਜਮ ਮੁਖਤਾਰ ਅੰਸਾਰੀ ਨੂੰ ਸਾਲ 2000 ਵਿੱਚ ਜੇਲ੍ਹ ਅਧਿਕਾਰੀਆਂ ’ਤੇ ਹਮਲਾ ਕਰਨ, ਜੇਲ੍ਹ ਵਿੱਚ ਪੱਥਰਬਾਜੀ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋਸ਼ ਆਇਦ ਕਰਨ ਲਈ ਨਿਜੀ ਤੌਰ ’ਤੇ ਸੰਮਨ ਕੀਤਾ ਹੈ। ਦੂਜੇ ਪਾਸੇ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਅਤੇ ਗਾਜੀਪੁਰ ਤੋਂ ਬਸਪਾ ਸੰਸਦ ਮੈਂਬਰ ਅਫਜਲ ਅੰਸਾਰੀ ਨੇ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਲਿਆਏ ਜਾਣ ਸਮੇਂ ਮੁਖਤਾਰ ਅੰਸਾਰੀ ਨਾਲ ਗੈਰਮਨੁੱਖੀ ਵਿਹਾਰ ਕਰਨ ਦਾ ਦੋਸ਼ ਲਾਇਆ ਹੈ। ਪੰਜਾਬ ਦੇ ਰੂਪਨਗਰ ਦੀ ਰੋਪੜ ਜੇਲ੍ਹ ਤੋਂ ਮੁਖਤਾਰ ਅੰਸਾਰੀ ਨੂੰ ਲੇੈ ਕੇ ਆਏ ਸੁਰੱਖਿਆ ਮੁਲਾਜਮਾਂ ਨੇ 900 ਕਿਲੋਮੀਟਰ ਦਾ ਸਫਰ 14 ਘੰਟਿਆਂ ਵਿੱਚ ਤੈਅ ਕੀਤਾ। ਬਾਂਦਾ ਜੇਲ੍ਹ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ। ਮੁਖਤਾਰ ਅੰਸਾਰੀ ਨੂੰ ਲੈ ਕੇ ਯੂਪੀ ਪੁਲੀਸ ਦੇ ਵਾਹਨ ਸਵੇਰੇ 4 ਵਜੇ ਬਾਂਦਾ ਜੇਲ੍ਹ ਵਿੱਚ ਦਾਖਲ ਹੋਏ।

