ਬੇਅਦਬੀ ਕੇਸ : ਕਾਂਗਰਸ ਦੇ ਘਾਗ ਲੀਡਰਾਂ ਅੱਗੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਬੇਵੱਸ !
-‘ਸਿੱਧੂ’ ਨਾਲ ਦੂਲੋਂ, ਬਾਜਵਾ ਅਤੇ ਬਿੱਟੂ ਵੀ ‘ਕਾਂਗਰਸ’ ਘੇਰਨ ’ਚ ਮੋਹਰੀ
-‘ਟਵੀਟ’ ਕਰਕੇ ‘ਸਿੱਧੂ’ ਨੇ ਬੇਅਦਬੀ ਮੁੱਦੇ ’ਤੇ ਮੁੱਖ ਮੰਤਰੀ ਨੂੰ ਘੇਰਿਆ
ਪਟਿਆਲਾ 23 ਮਾਰਚ (ਕੰਵਰ ਸਿੰਘ ਬੇਦੀ/ਮਧੂਸਾਰ ਬਿਊਰੋ) ਨਵਜੋਤ ਸਿੱਧੂ ਵੱਲੋਂ ਨਿੱਤ ਦਿਨ ‘ਟਵੀਟ’ ਕਰਕੇ ਲਗਾਤਾਰ ਕਾਂਗਰਸ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ’ਚ ਖੜਾ ਕੀਤਾ ਜਾ ਰਿਹਾ ਅਤੇ ਆਪਣੀ ਹੀ ਸਰਕਾਰ ਖਿਲਾਫ਼ ਚੁੱਕੇ ਜਾ ਰਹੇ ਸਵਾਲਾਂ ’ਤੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਆਖਿਰ ਚੁੱਪ ਕਿਉਂ ਹੈ? ਇਹ ਵੀ ਇਕ ਸਵਾਲ ਉਠਣ ਲੱਗ ਪਿਆ ਹੈ। ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਣ ਵਾਲਿਆਂ ’ਚ ਕੇਵਲ ਨਵਜੋਤ ਸਿੱਧੂ ਹੀ ਨਹੀਂ ਬਲਕਿ ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਸ਼ਾਮਲ ਹਨ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ’ਤੇ ਅਤੇ ਕਾਂਗਰਸ ਸਰਕਾਰ ’ਤੇ ਵੱਡੇ ਸਵਾਲ ਚੁੱਕੇ ਰਹੇ ਹਨ। ਅਕਸਰ ਹੀ ਪਾਰਟੀ ’ਚ ਰਹਿਕੇ ਆਪਣੀ ਗੱਲ ਰੱਖਣ ਨੂੰ ਵਾਜਬ ਕਰਾਰ ਦਿੱਤਾ ਜਾਂਦਾ, ਪਰ ਕਾਂਗਰਸੀ ਲੀਡਰਾਂ ਅਤੇ ਮੰਤਰੀਆਂ ਵੱਲੋਂ ਆਪਣੀ ਹੀ ਸਰਕਾਰ ਦੇ ਪਾਜ ਉਦੇੜਨ ਦੇ ਮਾਮਲੇ ’ਤੇ ਆਖਿਰ ਅਨੁਸ਼ਾਸਨੀ ਕਮੇਟੀ ਦੀ ਵੱਟੀ ਚੁੱਪ ਇਹ ਦਰਸਾਉਂਦੀ ਹੈ ਕਿ ਏਨਾ ਘਾਗ ਸਿਆਸਤਦਾਨਾਂ ਅੱਗੇ ਅਨੁਸ਼ਾਸਨੀ ਕਮੇਟੀ ਵੀ ਬੇਵੱਸ ਜਾਪਦੀ ਹੈ।

ਬੇਅਦਬੀ ਮੁੱਦੇ ਮਾਮਲੇ ਨੂੰ ਲੈ ਕੇ ਹਮਲਾਵਰ ਰੁੱਖ ਅਪਣਾਈ ਬੈਠੇ ਨਵਜੋਤ ਸਿੱਧੂ ਨੇ ਇਕ ਵਾਰ ਟਵੀਟ ਕਰਕੇ ਸੂਬੇ ਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਖਿਰ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ? ਟਵੀਟ ’ਚ ਸਿੱਧੂ ਨੇ ਲਿਖਆ ਹੈ ਕਿ ਗ੍ਰਹਿ ਮੰਤਰੀ ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਣੀ ਚਾਹੁੰਦੇ ਹਨ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਿਟੀ ਦੇ ਹੱਥਾਂ ’ਚ ਵਿਚ ਨਹੀਂ ਹੈ। ਨਵਜੋਤ ਸਿੱਧੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਆਖਿਰ ਏ.ਜੀ. ਦੀ ਲੱਗਾਮ ਕਿਸ ਹੱਥ ਹੈ? ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਜ਼ਿੰਮੇਵਾਰੀਆਂ ਤੋਂ ਭੱਜਣਾ ਠੀਕ ਹੈ ਅਤੇ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ ਪਿਆਦੇ ਹਨ।
ਬੇਅਦਬੀ ਕੇਸ ਕਾਰਨ ਕਾਂਗਰਸ ਸਰਕਾਰ ਲਗਾਤਾਰ ਆਪਣੇ ਮੰਤਰੀਆਂ ਅਤੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਚੱਲ ਰਹੀ ਹੈ, ਇਥੋਂ ਤੱਕ ਨਵਜੋਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਨੇ ਸਰਕਾਰ ਦੀ ਨਲਾਇਕੀ ’ਤੇ ਸਵਾਲ ਚੁੱਕਦਿਆਂ ਆਖਿਆ ਕਿ 2017 ’ਚ ਮੁੱਖ ਮੰਤਰੀ ਨੇ ਜੋ ਆਖਿਆ ਸੀ ਉਹ ਵਾਅਦੇ ਕਾਂਗਰਸ ਲੋਕਾਂ ਨਾਲ ਪੂਰਾ ਨਹੀਂ ਹੋ ਸਕਿਆ ਅਤੇ 2022 ’ਚ ਅਸੀਂ ਲੋਕਾਂ ’ਚ ਕੀ ਮੂੰਹ ਲੈ ਕੇ ਜਾਵਾਂਗੇ।


