ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਬੁੱਢਾ ਦਲ ਨੇ ਸ਼ਰਧਾ ਭਾਵਨਾ ਨਾਲ ਮਨਾਇਆ
ਅੰਮਿ੍ਰਤਸਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰਦੁਆਰਾ ਮੱਲ ਅਖਾੜਾ ਪਾ: ਛੇਵੀ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਸੋਂ ਰੋਜ਼ ਤੋਂ ਰੱਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ।ਉਪਰੰਤ ਰਾਗੀ ਸਿੰਘਾਂ, ਕਥਾਵਾਚਕਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਤੇ ਕਥਾ ਵਿਖਿਆਨ ਕੀਤਾ।ਇਸ ਸਮੇਂ ਸਮੁੱਚੇ ਦੇਸ਼ ਵਿਚ ਚਲ ਰਹੀ ਕਰੋਨਾ ਮਹਾਂਮਾਰੀ ਦੇ ਖਾਤਮੇ, ਸੁਖੀ ਵਸੇ ਸੰਸਾਰ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਗਈ ਅਤੇ ਨਾਲ ਦਿੱਲੀ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਜੂਝ ਰਹੇ ਕਿਸਾਨਾਂ ਦੀ ਸਫਲਤਾ ਲਈ ਵੀ ਅਰਜੋਈ ਕੀਤੀ ਗਈ।
ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸੰਦੇਸ਼ ਵਿਚ ਸੰਗਤਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਤੇਗ ਦੇ ਧਨੀ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲ ਪ੍ਰਕਾਸ਼ ਦਿਹਾੜਾ ਜਿਹੜੇ ਲੋਕਾਂ ਦੇ ਜੀਵਨ ਕਾਲ ਵਿਚ ਆਇਆ ਹੈ ਉਹ ਵੱਡਭਾਗੇ ਤੇ ਮੁਬਾਰਕ ਦੇ ਹੱਕਦਾਰ ਹਨ।ਉਨ੍ਹਾਂ ਕਿਹਾ ਕਰੋਨਾ ਦੀ ਮਹਾਮਾਰੀ ਨੇ ਆਮ ਜਨ ਜੀਵਨ ਵਿਚ ਵੱਡੀ ਦਹਿਸ਼ਤ ਤੇ ਮਨੁੱਖੀ ਜਾਨਾਂ ਦਾ ਘਾਣ ਕੀਤਾ ਹੈ।ਫਿਰ ਵੀ ਸੰਗਤਾਂ ਨੇ ਯਥਾ ਸ਼ਕਤ ਗੁਰੂ ਘਰਾਂ ਵਿਚ ਗੁਰਪੁਰਬ ਸਮੇਂ ਹਾਜ਼ਰੀ ਭਰੀ ਹੈ ਤੇ ਘਰੋਂ ਘਰੀ ਅਰਦਾਸ ਰਾਹੀ ਸ਼ਰਧਾ ਭਾਵਨਾ ਨਾਲ ਇਸ ਵਿਚ ਸ਼ਿਰਕਤ ਵੀ ਕੀਤੀ ਹੈ।ਉਨ੍ਹਾਂ ਕਾਮਨਾ ਕੀਤੀ ਕਿ ਅਕਾਲ ਪੁਰਖ ਜਲਦ ਸੁਖਸ਼ਾਂਤੀ ਦਾ ਵਾਤਾਵਰਣ ਸਿਰਜਣ ਜਿਸ ਨਾਲ ਜਨ ਜੀਵਨ ਮੁੜ ਸਰਲ ਰਾਹਾਂ ਤੇ ਚਲ ਸਕੇ।ਉਨ੍ਹਾਂ ਕਿਹਾ ਕਿ ਬੁੱਢਾ ਦਲ ਵਲੋਂ ਆਪਣੀਆਂ ਛਾਉਣੀਆਂ ਵਿਚ ਸੰਕੇਤਕ ਤੌਰ ਤੇ ਗੁਰਮਤਿ ਸਮਾਗਮ ਕੀਤੇ ਹਨ।ਸਮਾਗਮ ਸਮੇਂ ਭਾਈ ਸਤਨਾਮ ਸਿੰਘ ਮਹੰਤ ਗੁਰਦੁਆਰਾ ਮਠਿਆਈਸਰ ਸਾਹਿਬ ਨੇ ਅਰਦਾਸ ਕੀਤੀ ਅਤੇ ਭਾਈ ਰਵਿੰਦਰਬੀਰ ਸਿੰਘ, ਬੀਬਾ ਮਨਪ੍ਰੀਤ ਕੌਰ ਖਾਲਸਾ, ਭਾਈ ਸ਼ਮਸ਼ੇਰ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ।ਇਸ ਸਮੇਂ ਵਿਸ਼ੇਸ਼ ਤੌਰ ਤੇ ਬਾਬਾ ਜੱਸਾ ਸਿੰਘ, ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ, ਬਾਬਾ ਦਲੇਰ ਸਿੰਘ, ਬਾਬਾ ਸੁਖਜੀਤ ਸਿੰਘ ਘਨ੍ਹਇਆ, ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਰਣਜੋਧ ਸਿੰਘ, ਬਾਬਾ ਭਗਤ ਸਿੰਘ, ਬਾਬਾ ਗਗਨਦੀਪ ਸਿੰਘ, ਬਾਬਾ ਗੁਰਲਾਲ ਸਿੰਘ ਗ੍ਰੰਥੀ, ਭਾਈ ਕੇਵਲ ਸਿੰਘ ਢੱਢਿਆਂ ਵਾਲੇ, ਬਾਬਾ ਸੰਨਦੀਪ ਸਿੰਘ ਚੀਮਾਂ, ਸੰਤ ਜਸਦੀਪ ਸਿੰਘ ਨਾਨਕਸਰ ਸਮਰਾਲਾ, ਭਾਈ ਕਮਲਪ੍ਰੀਤ ਸਿੰਘ ਸਾਬੋ ਕੀ ਤਲਵੰਡੀ, ਸ੍ਰ. ਗੁਰਦੇਵ ਸਿੰਘ ਢਿੱਲੋ, ਸ੍ਰ. ਪ੍ਰਭਦੀਪ ਸਿੰਘ ਅਮਨ, ਸ੍ਰੀ ਮਨੋਜ਼ ਸਿੰਘ ਮਿੰਨਟੂ ਆਦਿ ਹਾਜ਼ਰ ਸਨ।

