ਅੰਮ੍ਰਿਤਸਰਪੰਜਾਬ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਕੋਰੋਨਾ ਮਰੀਜਾਂ ਦੀ ਸਹੂਲਤ ਲਈ ਆਰਜੀ ਕੇਂਦਰ ਸਥਾਪਿਤ

ਰੂਸ ਤੋਂ ਵਿਸ਼ੇਸ ਤੌਰ ਤੇ ਮੰਗਵਾਏ ਕਾਨਸੰਟ੍ਰੇਟਰਾਂ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ- ਬੀਬੀ ਜਗੀਰ ਕੌਰ
ਅੰਮਿ੍ਰਤਸਰ, 6 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾਂ ਮਰੀਜ਼ਾਂ ਦੇ ਇਲਾਜ਼ ਲਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਦੇ ਦੀਵਾਨ ਹਾਲ ਵਿਚ 25 ਬੈਡਾਂ ਦਾ ਆਰਜੀ ਕੇਂਦਰ ਤਿਆਰ ਕੀਤਾ ਗਿਆ ਹੈ, ਜਿਸ ਦੀ ਆਰੰਭਤਾ ਅੱਜ ਵਿਸ਼ੇਸ ਤੌਰ ’ਤੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਸ੍ਰੀ ਅੰਮਿ੍ਰਤਸਰ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਪਹਿਲਾਂ ਹੀ 100 ਬੈਡ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਮਰੀਜਾਂ ਨੂੰ ਆਕਸੀਜਨ ਦੀ ਆ ਰਹੀ ਮੁਸ਼ਕਿਲ ਦੇ ਹੱਲ ਲਈ ਇਹ ਆਰਜੀ ਵਾਰਡ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਵਿਚ ਰੂਸ ਤੋਂ ਵਿਸ਼ੇਸ ਤੌਰ ਤੇ ਮੰਗਵਾਏ ਕਾਨਸੰਟ੍ਰੇਟਰਾਂ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ ਅਤੇ ਹੰਗਾਮੀ ਹਾਲਤ ਲਈ ਮੈਡੀਕਲ ਐਂਬੂਲੈਂਸ ਦਾ ਵੀ ਪ੍ਰਬੰਧ ਹੋਵੇਗਾ ਤਾਂ ਜੋ ਲੋੜ ਪੈਣ ਤੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਰੀਜਾਂ ਦੀ ਨਿਗਰਾਨੀ ਲਈ ਇਨ੍ਹਾਂ ਵਾਰਡਾਂ ਵਿਚ ਦੋ ਸ਼ਿਫਟਾਂ ਵਿਚ ਮੈਡੀਕਲ ਟੀਮਾਂ ਕੰਮ ਕਰਨਗੀਆਂ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਮਾਰਗ ਤੇ ਚਲਦਿਆਂ ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜਲਦ ਹੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜਲੰਧਰ, ਪਟਿਆਲਾ ਤੇ ਭੁਲੱਥ ਆਦਿ ਸ਼ਹਿਰਾਂ ਵਿਚ ਵੀ 25-25 ਬੈਡ ਦਾ ਲੋੜ ਅਨੁਸਾਰ ਕੇਂਦਰ ਸਥਾਪਿਤ ਕਰਾਂਗੇ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਮੂਫਤ ਹੋਣਗੀਆਂ, ਜਿਨ੍ਹਾਂ ਦੀ ਦੇਖਰੇਖ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡਾਕਟਰ ਅਤੇ ਸਟਾਫ ਕਰੇਗਾ।
ਇਸ ਮੌਕੇ ਅਕਾਲੀ ਆਗੂ ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਰਣਜੀਤ ਸਿੰਘ ਢਿਲੋਂ, ਸ਼੍ਰੋਮਣੀ ਕਮੇਟੀ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਚਰਨ ਸਿੰਘ ਗਰੇਵਾਲ, ਸ, ਰਘਬੀਰ ਸਿੰਘ ਸਹਾਰਨ ਮਾਜਰਾ, ਸ. ਹਰਪਾਲ ਸਿੰਘ ਜੱਲ੍ਹਾ, ਸ. ਚਰਨ ਸਿੰਘ ਆਲਮਗੀਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਪਿ੍ਰਤਪਾਲ ਸਿੰਘ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ. ਏ.ਪੀ. ਸਿੰਘ ਤੇ ਮੈਨੇਜਰ ਸ. ਗੁਰਬਖਸ਼ ਸਿੰਘ ਹਾਜਰ ਸਨ।

Leave a Reply

Your email address will not be published. Required fields are marked *