ਗੈਂਗਸਟਰ ਵੱਲੋਂ ਜੇਲ੍ਹ ’ਚ ਫਾਹਾ ਲੈਣ ਦੀ ਕੋਸ਼ਿਸ਼ !
ਨਾਭਾ 15 ਮਈ (ਮਧੂਸਾਰ ਬਿਊਰੋ) ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਧਨੌਲਾ ਗਰੁੱਪ ਨਾਲ ਸੰਬੰਧਿਤ ਗੈਂਗਸਟਰ ਸੁਖਪਾਲ ਸਿੰਘ ਪਿਛਲੇ ਇਕ ਸਾਲ ਤੋਂ ਕਰੋਨਾ ਦੀ ਮਹਾਮਾਰੀ ਦੌਰਾਨ ਸੰਗਰੂਰ ਤੋਂ ਤਬਦੀਲ ਹੋ ਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਆਇਆ ਸੀ।
ਜੇਲ੍ਹ ਦੇ ਸਪੈਸ਼ਲ ਸੈੱਲ ਵਿਚ ਬੰਦ ਗੈਂਗਸਟਰ ਸੁਖਪਾਲ ਸਿੰਘ ਨੇ ਅੱਜ ਸਵੇਰੇ ਦੱਸ ਵਜੇ ਦੇ ਕਰੀਬ ਆਪਣੇ ਪਰਨੇ ਨਾਲ ਹੀ ਪੱਖੇ ਤੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਲੇਕਿਨ ਜੇਲ੍ਹ ਦੇ ਮੁਲਾਜ਼ਮ ਵੱਲੋਂ ਵੇਖਣ ਕਰਕੇ ਮੌਕੇ ਤੇ ਉਸ ਨੂੰ ਬਚਾ ਲਿਆ ਅਤੇ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ॥ ਸਿਵਲ ਹਸਪਤਾਲ ਨਾਭਾ ਵਿਖੇ ਜ਼ੇਰੇ ਇਲਾਜ ਗੈਂਗਸਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਹੀ ਉਸ ਦੇ ਸਾਥੀ ਦੇ ਨਾਲ ਮਿਲ ਕੇ ਉਸ ਦੀ ਪਤਨੀ ਬੱਚੀ ਸਮੇਤ ਘਰੋਂ ਚਲੀ ਗਈ ਜਿਸ ਤੋਂ ਤੰਗ ਆ ਕੇ ਉਸ ਵੱਲੋਂ ਅੱਜ ਇਹ ਕੋਸ਼ਿਸ਼ ਕੀਤੀ ਗਈ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਨਾਜਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੁਖਪਾਲ ਸਿੰਘ ਨੇ ਜੇਲ੍ਹ ਦੀ ਸਪੈਸ਼ਲ ਸੈੱਲ ਵਿਚ ਇਹ ਕੋਸ਼ਿਸ਼ ਕੀਤੀ ਜਿਸ ਨੂੰ ਜੇਲ੍ਹ ਮੁਲਾਜਮ ਵੱਲੋਂ ਬਚਾ ਲਿਆ ਗਿਆ ਅਤੇ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

