ਪੰਜਾਬ

ਫਿਰਕਾਪ੍ਰਸਤੀ ਨੂੰ ਤੂਲ ਦੇਣ ਦੇ ਕੋਝੇ ਯਤਨ ਤਹਾਨੂੰ ਪੁੱਠੇ ਪੈਣਗੇ : ਕੈਪਟਨ

ਚੰਡੀਗੜ੍ਹ, 16 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਦਿੱਤਿਆਨਾਥ ਯੋਗੀ ਵੱਲੋਂ ਮਲੇਰਕੋਟਲਾ ਬਾਰੇ ਕੀਤੀਆਂ ਭੜਕਾਊ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਦੇ ਕੌਮੀ ਤੇ ਸੂਬਾਈ ਨੇਤਾਵਾਂ ਉੱਤੇ ਤਿੱਖਾ ਹਮਲਾ ਬੋਲਦਿਆਂ ਤਾੜਨਾ ਕੀਤੀ ਕਿ ਸ਼ਾਂਤੀ ਪਸੰਦ ਪੰਜਾਬੀਆਂ ਦਰਮਿਆਨ ਫਿਰਕੂ ਪਾੜਾ ਪਾਉਣ ਦੀਆਂ ਕੋਝੀਆਂ ਚਾਲਾਂ ਉਲਟਾ ਤਹਾਨੂੰ ਪੁੱਠੀਆਂ ਪੈਣਗੀਆਂ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੇਤਾ ਪੰਜਾਬ ਵਿਚ ਫਿਰਕਾਪ੍ਰਸਤੀ ਨੂੰ ਤੂਲ ਦੇਣ ਦੇ ਯਤਨ ਕਰ ਰਹੇ ਹਨ ਜੋ ਉਨ੍ਹਾਂ ਨੂੰ ਪੁੱਠੇ ਪੈਣਗੇ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹੱਕ ਵਿਚ ਬਿਨਾਂ ਸੋਚੇ ਸਮਝੇ ਕੁੱਦ ਪੈਣ ਲਈ ਭਾਜਪਾ ਨੇਤਾਵਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਯੋਗੀ ਜੋ ਖੁਦ ਆਪਣੇ ਸੂਬੇ ਨੂੰ ਤਬਾਹ ਕਰ ਦੇਣ ਲਈ ਪੱਬਾਂ ਭਾਰ ਹੈ, ਅਤੇ ਉਸ ਦਾ ਸੂਬਾ ਪੂਰੀ ਤਰ੍ਹਾਂ ਲਾਕਾਨੂੰਨੀ, ਫਿਰਕੂ ਅਤੇ ਜਾਤੀ ਵੰਡ ਅਤੇ ਸ਼ਾਸਨ ਦੀ ਨਲਾਇਕੀ ਨਾਲ ਜੂਝ ਰਿਹਾ ਹੈ ਅਤੇ ਇੱਥੋਂ ਤੱਕ ਯੂ.ਪੀ. ਸਰਕਾਰ ਵੱਲੋਂ ਕੋਵਿਡ ਦੀ ਸਥਿਤੀ ਨੂੰ ਵੀ ਬੇਹੂਦਗੀ ਨਾਲ ਨਜਿੱਠਿਆ ਜਾ ਰਿਹਾ ਹੈ ਜਿੱਥੇ ਕਿ ਆਪਣੇ ਪਿਆਰਿਆਂ ਦੀ ਜਾਨ ਬਚਾਉਣ ਦੀ ਮਦਦ ਲਈ ਦੁਹਾਈ ਪਾਉਣ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ,“ਡਾ. ਬੀ.ਆਰ. ਅੰਬੇਦਕਰ ਦੀ ਪ੍ਰਧਾਨਗੀ ਹੇਠ ਸੰਵਿਧਾਨਕ ਸਭਾ ਨੇ ਸਾਨੂੰ ਧਰਮ ਨਿਰਪੱਖ ਜਮਹੂਰੀਅਤ ਪ੍ਰਦਾਨ ਕੀਤੀ ਸੀ ਜਦਕਿ ਦੂਜੇ ਪਾਸੇ ਜੋ ਵੀ ਯੋਗੀ ਪ੍ਰਾਪਤ ਕਰ ਰਹੇ ਹਨ, ਉਹ ਮੁਲਕ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਖੇਰੂੰ-ਖੇਰੂੰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਸਲਕੁਸ਼ੀ, ਫਿਰਕੂ ਨੀਤੀਆਂ ਅਤੇ ਸਿਆਸਤ ਰਾਹੀਂ ਬੜੇ ਯੋਜਨਾਬੱਧ ਢੰਗ ਨਾਲ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੀ.ਏ.ਏ. ਦੇ ਨਾਲ-ਨਾਲ ਹਾਲ ਹੀ ਵਿਚ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ ਜੋ ਆਪਣੀ ਜਿੰਦਗੀ ਅਤੇ ਰੋਜੀ-ਰੋਟੀ ਲਈ ਜਦੋ-ਜਹਿਦ ਰਹੇ ਹਨ।

Leave a Reply

Your email address will not be published. Required fields are marked *