ਦੇਸ਼-ਵਿਦੇਸ਼ਪੰਜਾਬ

ਕਾਂਗਰਸ ’ਚ ਘਮਸਾਨ, ‘ਰਾਵਤ’ ਸਾਹਮਣੇ ਕੈਪਟਨ ਕਿਸ ਤਰ੍ਹਾਂ ਕਰਨਗੇ ‘ਕਪਤਾਨੀ’

ਪਟਿਆਲਾ 20 ਮਈ (ਰਮਨਦੀਪ ਕੌਰ/ਮਧੂਸਾਰ ਬਿਊਰੋ) ਕਾਂਗਰਸ ਪਾਰਟੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਘਮਸਾਨ ਲਗਾਤਾਰ ਜਾਰੀ ਹੈ। ਕਾਂਗਰਸੀ ਵਿਧਾਇਕਾਂ ਵੱਲੋਂ ਲਗਾਤਾਰ ਆਪਣੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ‘ਟਵੀਟ’ ਜ਼ਰੀਏ, ਚੰਨੀ ਵੱਲੋਂ ਮੀਟਿੰਗਾਂ ਕਰਕੇ ਅਤੇ ਪ੍ਰਗਟ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਘੇਰਿਆ ਗਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ’ਤੇ ਜਾ ਰਿਹਾ ਹੈ।

ਇਸੇ ਘਮਸ਼ਾਨ ਵਿਚਾਲੇ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜਾ ਕੀਤਾ ਹੈ। ਕਾਂਗਰਸ ’ਚ ਘਮਸਾਨ ਦਾ ਅਹਿਮ ਮੁੱਦਾ ਇਹੋ ਹੈ ਕਿ 2017 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਵਾਅਦੇ ਕਰਦਿਆਂ ਨਸ਼ਾ ਖ਼ਤਮ ਕਰਨ ਮਾਈਨਿੰਗ ਮਾਫੀਏ ਤੋਂ ਇਲਾਵਾ ਬੇਅਦਬੀ ਵਰਗੇ ਗੰਭੀਰ ਮਾਮਲੇ ਵਿਚ ਇਨਸਾਫ ਦਿੱਤੇ ਜਾਣ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ, ਜਿਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਦੂਜੇ ਪਾਸੇ ਕੈਪਟਨ ਖਿਲਾਫ਼ ਪ੍ਰਤਾਪ ਸਿੰਘ ਬਾਜਵਾ ਨੇ ਵੀ ਖੁੱਲ੍ਹਕੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਕੈਪਟਨ ਸਾਹਿਬ ਜੇ ਆਉਣ ਵਾਲੇ 75 ਦਿਨਾਂ ਵਿਚ ਸਥਿਤੀ ਵਿਚ ਸੁਧਾਰ ਨਾ ਹੋਇਆ ਤਾਂ ‘ਕੈਪਟਨ’ ਸਾਹਿਬ ਤੁਸੀਂ ਵੀ ਅਜ਼ਾਦ ਹੋ ਤੇ ਅਸੀਂ ਵੀ ਅਜ਼ਾਦ ਹਾਂ।
ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਵੱਲੋਂ ਚੁੱਪ ਚੁਪੀਤੇ ਹਾਈਕਮਾਂਡ ਨਾਲ ਮਿਲਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮੁੜ ਪੰਜਾਬ ਕਾਂਗਰਸ ਅੰਦਰਲੇ ਹਾਲਾਤਾਂ ਨੂੰ ਠੀਕ ਕਰਨ ਲਈ ਹਾਈਕਮਾਂਡ ਨੇ ਜ਼ਿੰਮੇਵਾਰੀ ਸੌਂਪੀ ਦਿੱਤੀ ਹੈ। ਕਾਂਗਰਸ ਅੰਦਰ ਵਿਧਾਇਕਾਂ ਦੀ ਬਗਾਵਤੀ ਸੁਰ ਨੂੰ ਮੱਠਾ ਕਰਨ ਲਈ ਹਰੀਸ਼ ਰਾਵਤ ਦੀ ਕੀ ਭੂਮਿਕਾ ਹੋਵੇਗੀ ਅਤੇ ‘ਕੈਪਟਨ’ ਕਿਸ ਤਰ੍ਹਾਂ ‘ਕਪਤਾਨੀ’ ਕਰਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *