ਕੋੋਰੋਨਾ ਵਾਇਰਸ ਹਵਾ ’ਚ ਵੀ ਫੈਲ ਸਕਦਾ ! ਸਰਕਾਰ ਵੱਲੋਂ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼ !
ਨਵੀਂ ਦਿੱਲੀ 20 ਮਈ (ਮਧੂਸਾਰ ਬਿਊਰੋ) ਕੋਰੋਨਾ ਵਾਇਰਸ ਹਵਾ ’ਚ ਵੀ ਫੈਲ ਸਕਦਾ ਹੈ। ਹੁਣ ਸਰਕਾਰ ਨੇ ਵੀ ਪੂਰੀ ਤਰ੍ਹਾਂ ਇਹ ਮੰਨ ਲਿਆ ਹੈ। ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਦਫਤਰ ਮੁਤਾਬਕ, ਏਅਰੋਸੋਲ ਅਤੇ ਡ੍ਰੋਪਲੈਟਸ ਕੋਰੋਨਾ ਮਹਾਮਾਰੀ ਦੇ ਫੈਲਣ ਦੇ ਪ੍ਰਮੁੱਖ ਕਾਰਨ ਹਨ। ਕੋਰੋਨਾ ਨਾਲ ਪੀੜਤ ਵਿਅਕਤੀ ਦੇ ਡ੍ਰੋਪਲੈਟਸ ਹਵਾ ’ਚ ਦੋ ਮੀਟਰ ਤਕ ਜਾ ਸਕਦੇ ਹਨ, ਜਦਕਿ ਏਅਰੋਸੋਲ ਉਨ੍ਹਾਂ ਡ੍ਰੋਪਲੈਟਸ ਨੂੰ 10 ਮੀਟਰ ਤਕ ਅੱਗੇ ਵਧਾ ਸਕਦਾ ਹੈ ਅਤੇ ਲਾਗ ਦਾ ਖਤਰਾ ਪੈਦਾ ਕਰ ਸਕਦਾ ਹੈ। ਇਥੋਂ ਤਕ ਕਿ ਇਕ ਕੋਰੋਨਾ ਪੀੜਤ ਵਿਅਕਤੀ ਜਿਸ ਵਿਚ ਕੋਈ ਲੱਛਣ ਨਹੀਂ ਦਿਸ ਰਿਹਾ, ਉਹ ’ਵਾਇਰਲ ਲੋਡ’ ਬਣਾਉਣ ਯੋਗ ਡ੍ਰੋਪਲੈਟਸ ਛੱਡ ਸਕਦਾ ਹੈ ਜੋ ਕਈ ਹੋਰ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਇਸ ਦਾ ਮਤਲਬ ਸਾਫ ਹੈ ਕਿ ਹੁਣ ਕੋਰੋਨਾ ਤੋਂ ਬਚਣ ਲਈ 10 ਮੀਟਰ ਦੀ ਦੂਰੀ ਵੀ ਕਾਫੀ ਨਹੀਂ ਹੈ।
ਵਿਗਿਆਨੀ ਸਲਾਹਕਾਰ ਦਫਤਰ ਮੁਤਾਬਕ, ਕੋਰੋਨਾ ਪੀੜਤ ਵਿਅਕਤੀ ਦੇ ਸਾਹ ਛੱਡਣ, ਬੋਲਣ, ਗਾਉਣ, ਹੱਸਣ, ਖੰਘਣ ਅਤੇ ਛਿੱਕਨ ਨਾਲ ਲਾਰ ਅਤੇ ਨੱਕ ’ਚੋਂ ਨਿਕਲਣ ਵਾਲੇ ਪਦਾਰਥ ਰਾਹੀਂ ਵਾਇਰਸ ਨਿਕਲਦਾ ਹੈ, ਜੋ ਦੂਜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਲਾਗ ਦੀ ਇਸ ਕੜੀ ਨੂੰ ਤੋੜਨ ਲਈ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਬਹੁਤ ਜਰੂਰੀ ਹੈ। ਮਾਸਕ ਪਹਿਨੋ, ਸੁਰੱਖਿਅਤ ਸਰੀਰਕ ਦੂਰੀ ਬਣਾਓ ਅਤੇ ਹੱਥ ਧੋਂਦੇ ਰਹੋ। ਮਾਹਿਰਾਂ ਮੁਤਾਬਕ, ਇਕ ਕੋਰੋਨਾ ਪੀੜਤ ਵਿਅਕਤੀ ’ਚ ਲੱਛਣ ਦਿਸਣ ’ਚ ਦੋ ਹਫਤਿਆਂ ਤਕ ਦਾ ਸਮਾਂ ਲੱਗ ਸਕਦਾ ਹੈ, ਇਸ ਦੌਰਾਨ ਉਹ ਦੂਜਿਆਂ ਨੂੰ ਵੀ ਇਨਫੈਕਟਿਡ ਕਰ ਸਕਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ’ਚ ਲੱਛਣ ਨਹੀਂ ਵੀ ਦਿਸਦੇ, ਫਿਰ ਵੀ ਉਹ ਇਨਫੈਕਸ਼ਨ ਫੈਲਾਅ ਸਕਦੇ ਹਨ।
ਸਰਕਾਰ ਦੇ ਨਿਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬੰਦ ਅਤੇ ਗੈਰ-ਹਵਾਦਾਰ ਇਨਡੋਰ ਥਾਵਾਂ ’ਚ ਡ੍ਰੋਪਲੈਟਸ ਅਤੇ ਏਅਰੋਸੋਲ ਕੋਰੋਨਾ ਲਾਗ ਦੇ ਫੈਲਾਅ ਦਾ ਖਤਰਾ ਬਹੁਤ ਵਧਾ ਦਿੰਦੇ ਹਨ। ਹਾਲਾਂਕਿ, ਮਾਹਿਰ ਹਮੇਸ਼ਾ ਤੋਂ ਇਹ ਕਹਿੰਦੇ ਆਏ ਹਨ ਕਿ ਵੈਂਟੀਲੇਸ਼ਨ ਵਾਲੀਆਂ ਥਾਵਾਂ ’ਤੇ ਅਤੇ ਆਊਟਡੋਰ ਥਾਵਾਂ ’ਤੇ ਲਾਗ ਦੇ ਫੈਲਣ ਦਾ ਖਤਰਾ ਘੱਟ ਰਹਿੰਦਾ ਹੈ।

