ਸ਼ੋ੍ਰਮਣੀ ਕਮੇਟੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਦੇ ਸਮਰੱਥ : ਬੀਬੀ ਜਗੀਰ ਕੌਰ
ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ 9ਵੇਂ ‘ਕੋਵਿਡ ਕੇਅਰ ਸੈਂਟਰ’ ਦੀ ਸ਼ੁਰੂਆਤ
ਤੀਸਰਾ ਆਕਸੀਜਨ ਪਲਾਂਟ ਸ਼ੋ੍ਰਮਣੀ ਕਮੇਟੀ ਜਲਦ ਸਥਾਪਿਤ ਕਰੇਗੀ : ਬੀਬੀ ਜਗੀਰ ਕੌਰ
ਪ੍ਰੋ. ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਕੀਤੀ ਸ਼ਿਰਕਤ
ਬਹਾਦਰਗੜ੍ਹ/ਪਟਿਆਲਾ 28 ਮਈ (ਰਮਨਦੀਪ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਕੋਵਿਡ ਮਰੀਜ਼ਾਂ ਲਈ 9ਵਾਂ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ, ਜਿਸ ਦੀ ਸ਼ੁਰੂਆਤ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ। ‘ਕੋਵਿਡ ਕੇਅਰ ਸੈਂਟਰ’ ਦੀ ਸ਼ੁਰੂਆਤ ਮੌਕੇ ਸ਼ੋ੍ਰਮਣੀ ਕਮੇਟੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਭਿਆਨਕ ਬਿਮਾਰੀ ਨੇ ਅੱਜ ਜਿਥੇ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਤ ਕੀਤਾ, ਉਥੇ ਹੀ ਸਰਕਾਰਾਂ ਦੀ ਨਲਾਇਕੀ ਅਤੇ ਸਰਕਾਰੀ ਹਸਪਤਾਲਾਂ ’ਚ ਮਾੜੀਆਂ ਸਿਹਤ ਸਹੂਲਤਾਂ ਅੱਗੇ ਮਾਨਵਤਾ ਦੀ ਸੇਵਾ ’ਚ ਜੁਟੀ ਸ਼ੋ੍ਰਮਣੀ ਕਮੇਟੀ ਵੱਖ-ਵੱਖ ਥਾਵਾਂ ’ਤੇ ਕੋਵਿਡ ਸੈਂਟਰ ਖੋਲ੍ਹਣ ਮਗਰੋਂ ਕੋਵਿਡ ਦੀ ਤੀਜੀ ਲਹਿਰ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੋ ਸਕੀ ਹੈ ਅਤੇ ਜਲਦ ਹੀ ਸੰਸਥਾ ਵੱਲੋਂ ਤੀਸਰਾ ਆਕਸੀਜਨ ਪਲਾਂਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਐਲਾਨ ਕੀਤਾ ਕਿ ਸ਼ੋ੍ਰਮਣੀ ਕਮੇਟੀ ਜਲਦ ਹੀ 100 ਦੇ ਕਰੀਬ ਵੈਂਟੀਲੇਟਰ ਤਿਆਰ ਕਰਵਾਕੇ ਸੰਗਤਾਂ ਨੂੰ ਸਮਰਪਿਤ ਕਰੇਗੀ।

ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੇ ਆਉਣ ਤੋਂ ਪਹਿਲਾਂ ਹੀ ਸਰਕਾਰਾਂ ਸੁਚੇਤ ਹੋ ਚੁੱਕੀਆਂ ਹੁੰਦੀਆਂ ਤਾਂ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਕਾਰਨ ਆਪਣੀ ਜਾਨਾਂ ਨਾ ਗਵਾਉਣੀਆਂ ਪੈਂਦੀਅ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੁਦਰਤੀ ਆਫਤਾਂ ਜਾਂ ਮਹਾਂਮਾਰੀ ਦੌਰਾਨ ਸ਼ੋ੍ਰਮਣੀ ਕਮੇਟੀ ਹਮੇਸ਼ਾ ਮਾਨਵਤਾ ਦੀ ਸੇਵਾ ਵਿਚ ਮੋਹਰੀ ਹੋ ਕੇ ਕਾਰਜਾਂ ਨੂੰ ਨੇਪਰੇ ਚਾੜ੍ਹਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ’ਤੇ ਮਾਣ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਧਰਮ ਦੇ ਪ੍ਰਚਾਰ ਤੇ ਪਸਾਰ ਦੇ ਨਾਲ-ਨਾਲ ਮੈਡੀਕਲ ਖੇਤਰ ਵਿਚ ਅੰਤਰ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਰਹੀ ਹੈ। ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ਵਿਚ ਪੁੱਜੇ ਕੋਵਿਡ ਮਰੀਜ਼ ਅੱਜ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਚੜ੍ਹਦੀਕਲਾ ਵਿਚ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਕੋਵਿਡ ਸੈਂਟਰਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਅੱਜ ਸਮਾਜ ਦੀਆਂ ਨਾਮੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸ਼ੋ੍ਰਮਣੀ ਕਮੇਟੀ ਨੂੰ ਭਰਵਾਂ ਅਤੇ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੀ ਜਾਨ ਬਚਾਉਣ ਲਈ ਕੈਨੇਡਾ, ਟੋਰਾਂਟੋ, ਰਸ਼ੀਆ, ਨਿਊਜ਼ੀਲੈਂਡ ਅਤੇ ਡੁਬਈ ਤੋਂ ਸੰਗਤਾਂ ਵੱਲੋਂ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਕੰਨਸਨਟਰੇਟਰ ਭੇਜੇ ਜਾ ਰਹੇ ਹਨ ਅਤੇ ਮਾਨਵਤਾ ਦੀ ਸੇਵਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅੱਜ ਸ਼ੋ੍ਰਮਣੀ ਕਮੇਟੀ ਨੂੰ ਸਹਿਯੋਗ ਦੇਣ ਲਈ ਅੱਗੇ ਆ ਰਹੀਆਂ ਹਨ।
ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ੍ਰੋਮਣੀ ਕਮੇਟੀ ਨੂੰ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਖਾਲਸਾ ਹੈਲਪ ਇੰਟਰਨੈਸ਼ਨਲ ਦੇ ਫਾਊਂਡਰ ਗੁਰਪ੍ਰੀਤ ਸਿੰਘ ਰੰਮੀ, ਭਾਈ ਗੁਰਦਾਸ ਨਰਸਿੰਗ ਕਾਲਜ ਦੇ ਬਲਦੇਵ ਸਿੰਘ ਬੱਲੂਆਣਾ, ਵਰਧਮਾਨ ਹਸਪਤਾਲ ਦੇ ਐਮ.ਡੀ. ਡਾ. ਸੌਰਭ ਜੈਨ, ਸਾਬਕਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਅਤੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਗੋਨਾ ਨੂੰ ਵੀ ਸਨਮਾਨਤ ਕੀਤਾ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਵਿਡ ਦੀ ਦੂਸਰੀ ਲਹਿਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਲਾਇਕੀਆਂ ਕਾਰਨ ਰਾਜਿੰਦਰਾ ਹਸਪਤਾਲ ਵਰਗੇ ਵੱਡੇ ਹਸਪਤਾਲ ’ਚ ਹਜ਼ਾਰਾਂ ਦੀ ਗਿਣਤੀ ’ਚ ਕੋਵਿਡ ਮਰੀਜ਼ਾਂ ਦੀਆਂ ਮੌਤਾਂ ਹੋਈਆਂ, ਜੇ ਸਰਕਾਰ ਗੰਭੀਰ ਹੁੰਦੀ ਤਾਂ ਹਾਲਾਤ ਬਦਤਰ ਨਾ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਸ਼ੋ੍ਰਮਣੀ ਅਕਾਲੀ ਦੇ ਜੁਝਾਰੂ ਵਰਕਰ ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਕੋਵਿਡ ਦੀ ਦੂਸਰੀ ਲਹਿਰ ਦੌਰਾਨ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਅਪੀਲ ਕਰਦਿਆਂ ਕਿਹਾ ਕਿ ਅੱਜ ਜੇ ਸ਼ੋ੍ਰਮਣੀ ਕਮੇਟੀ ਮਾਨਵਤਾ ਦੀ ਸੇਵਾ ਵਿਚ ਵੱਡਾ ਯੋਗਦਾਨ ਪਾ ਸਕਦੀ ਹੈ ਤਾਂ ਸਰਕਾਰਾਂ ਨੂੰ ਵੀ ਕੋਵਿਡ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਸੀ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਹਸਪਤਾਲਾਂ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਕੋਵਿਡ ਮਰੀਜ਼ਾਂ ਦੀ ਦੇਖਭਾਲ ਸਰਕਾਰ ਦਾ ਸਿਹਤ ਵਿਭਾਗ ਕਰ ਹੀ ਨਹੀਂ ਸਕਿਆ।
ਇਸ ਦੌਰਾਨ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸ਼ੋ੍ਰਮਣੀ ਕਮੇਟੀ ਨੂੰ ਸਹਿਯੋਗ ਕਰਨ ਵਾਲੀਆਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਲੋਕਾਂ ਨੂੰ ਇਸ ਕੋਵਿਡ ਕੇਅਰ ਸੈਂਟਰ ਦੀ ਬਹੁਤ ਜ਼ਰੂਰਤ ਸੀ। ਉਨ੍ਹਾਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ, ਜਿਨਾਂ ਦੇ ਯਤਨਾਂ ਸਦਕਾ ਕਸਬਾ ਬਹਾਦਰਗੜ੍ਹ ਵਿਚ 9ਵਾਂ ਕੋਵਿਡ ਕੇਅਰ ਸ਼ੁਰੂ ਬਣ ਸਕਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਿੰਡ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਗੁਰਦੀਪ ਸਿੰਘ ਸ਼ੇਖੂਪੁਰਾ, ਡਾਕਟਰ ਏ.ਪੀ. ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਕੁਲਦੀਪ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਸਰਪੰਚ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਬਲਾਸਪੁਰ, ਬਲਕਾਰ ਸਰਪੰਚ, ਸੁਖਚੈਨ ਸਿੰਘ ਜੌਲਾਂ, ਰੁਪਿੰਦਰ ਕੋਕੇਪੁਰ, ਜਤਿੰਦਰ ਸਿੰਘ ਮੋਹਤਬਰਪੁਰ, ਸੰਦੀਪ ਸਿੰਘ ਰਾਜਾ ਤੂੜ, ਭੁਪਿੰਦਰ ਸਿੰਘ ਸ਼ੇਖੂਪੁਰਾ ਆਦਿ ਹਾਜ਼ਰ ਸਨ।

