ਪੰਜਾਬ

ਵਿਧਾਇਕ ਨਾਗਰਾ ਵੱਲੋਂ ਨਿਰਮਾਣ ਅਧੀਨ ਕਮਿਊਨਿਟੀ ਸੈਂਟਰ ਦਾ ਜਾਇਜ਼ਾ

ਪਿੰਡ ਮੂਲੇਪੁਰ ਵਿਖੇ ਬਣਾਇਆ ਜਾ ਰਿਹਾ ਹੈ ਕਮਿਊਨਿਟੀ ਸੈਂਟਰ

ਫ਼ਤਹਿਗੜ੍ਹ ਸਾਹਿਬ 6 ਜੂਨ (ਹਰਪ੍ਰੀਤ ਕੌਰ ਟਿਵਾਣਾ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਤੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਪਿੰਡ ਮੂਲੇਪੁਰ ਵਿਖੇ 65 ਵਾਇਆ 130 ਫੁੱਟ ਵਿੱਚ ਬਣਾਏ ਜਾ ਰਹੇ ਕਮਿਊਨਿਟੀ ਸੈਂਟਰ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ   ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਵਾਇਆ ਜਾਵੇਗਾ।
ਵਿਧਾਇਕ ਨਾਗਰਾ ਨੇ ਕਿਹਾ ਕਿ ਇਸ ਸੈਂਟਰ ਦਾ ਪਿੰਡ ਸਮੇਤ ਸਮੁੱਚੇ ਇਲਾਕੇ ਨੂੰ ਫਾਇਦਾ ਹੋਵੇਗਾ ਖਾਸਕਰ ਕੇ ਗ਼ਰੀਬ ਤੇ ਮੱਧਵਰਗੀ ਪਰਿਵਾਰ ਆਪਣੇ ਖੁਸ਼ੀ ਤੇ ਗਮੀ ਸਬੰਧੀ ਸਮਾਗਮ ਬਿਨਾਂ ਵੱਡੇ ਖਰਚ ਕੀਤਿਆਂ ਕਰ ਸਕਣ। ਉਨ੍ਹਾਂ ਕਿਹਾ ਕਿ ਗਰੀਬ ਤੇ ਮੱਧ ਵਰਗੀ ਪਰਿਵਾਰ ਜਦੋਂ ਆਪਣੇ ਸਮਾਗਮ ਕਰਜ਼ਾ ਚੁੱਕ ਕੇ ਮਹਿੰਗੇ ਪੈਲੇਸਾਂ ਵਿੱਚ ਕਰਦੇ ਹਨ ਤਾਂ ਕਰਜ਼ੇ ਦੇ ਬੋਝ ਹੇਠ ਦੱਬੇ ਜਾਂਦੇ ਹਨ ਤੇ ਕਈ ਕਈ ਸਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਪਰ ਇਹ ਕਮਿਊਨਿਟੀ ਸੈਂਟਰ ਲੋਕਾਂ ਲਈ ਸਹਾਈ ਸਿੱਧ ਹੋਵੇਗਾ ਤੇ ਉਨ੍ਹਾਂ ਨੂੰ ਕਰਜ਼ੇ ਤੋਂ ਵੀ ਬਚਾਏਗਾ।

ਨਾਗਰਾ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਹ ਤਨਦੇਹੀ ਨਾਲ ਕੰਮ ਕਰਦੇ ਹੋਏ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਨੂੰ ਆਪਣੀ ਨਿਗਰਾਨੀ ਹੇਠ ਪੂਰਾ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ, ਗਲੀਆਂ, ਟੋਭਿਆਂ ਦੀ ਸਫਾਈ, ਸੀਚੇਵਾਲ ਮਾਡਲ ਆਧਾਰਤ ਪ੍ਰੋਜੈਕਟ, ਪਿੰਡਾਂ ਵਿੱਚ ਬੂਟੇ ਲਾਉਣ, ਪਿੰਡਾਂ ਦੇ ਸਕੂਲਾਂ ਦੀ ਕਾਇਆ ਕਲਪ, ਮੰਡੀਆਂ ਦੀ ਅਪਗ੍ਰੇਡੇਸ਼ਨ, ਆਦਿ ਕੋਈ ਵੀ ਅਜਿਹਾ ਪੱਖ ਨਹੀਂ ਹੈ, ਜਿਸ ਸਬੰਧੀ ਵਿਕਾਸ ਕਾਰਜ ਨਾ ਹੋਏ ਹੋਣ ਜਾਂ ਵਿਕਾਸ ਕਾਰਜ ਨਾ ਚੱਲ ਰਹੇ ਹੋਣ। ਉਨ੍ਹਾ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੂਬੇ ਭਰ ਵਿੱਚ ਮਿਸਾਲ ਬਣ ਕੇ ਉੱਭਰ ਰਹੇ ਹਨ।
ਇਸ ਮੌਕੇ ਸਰਪੰਚ ਹਰਿੰਦਰ ਸਿੰਘ,ਹਰਪ੍ਰੀਤ ਸਿੰਘ ਪੰਚ,ਜਸਪਾਲ ਸਰਮਾ ਪੰਚ,ਵਨੀਤਾ ਸਰਮਾਂ ਪੰਚ,ਰਾਜਵਿੰਦਰ ਸਿੰਘ, ਜਸਵਿੰਦਰ ਕੌਰ ਪੰਚ,ਕਮਲਜੀਤ ਕੌਰ ਆਦਿ ਹਾਜ਼ਰ ਸਨ।      

Leave a Reply

Your email address will not be published. Required fields are marked *