ਏ.ਡੀ.ਜੀ.ਪੀ. ਵੱਲੋਂ ਪੁਲੀਸ ਲਾਈਨ ਮਹੱਦੀਆਂ ਵਿਖੇ ਹੈਲਥ ਤੇ ਵੈਲਨੈਸ ਸੈਂਟਰ ਜ਼ਿਲ੍ਹਾ ਪੁਲੀਸ ਨੂੰ ਸਮਰਪਿਤ
ਜ਼ਿਲ੍ਹਾ ਪੁਲੀਸ ਦੀ ਤੰਦੁਰਸਤੀ ਵਿੱਚ ਅਹਿਮ ਭੂਮਿਕਾ ਨਿਭਾਏਗਾ ਹੈਲਥ ਤੇ ਵੈਲਨੈਸ ਸੈਂਟਰ
ਫ਼ਤਹਿਗੜ੍ਹ ਸਾਹਿਬ 8 ਜੂਨ (ਹਰਪ੍ਰੀਤ ਕੌਰ/ਮਧੂਸਾਰ ਬਿਊਰੋ) ਏ.ਡੀ.ਜੀ.ਪੀ.ਟੈਕਨੀਕਲ ਸਰਵਿਸਿਜ਼ ਅਤੇ ਪੁਲੀਸ ਗਵਰਨੈਂਸ ਰਿਫੌਰਮਜ਼, ਸ. ਕੁਲਦੀਪ ਸਿੰਘ ਨੇ ਪੁਲੀਸ ਲਾਈਨਜ਼ ਹਸਪਤਾਲ ਵਿਖੇ ਨਵਾਂ ਸਥਾਪਤ ਕੀਤਾ ਹੈਲਥ ਤੇ ਵੈਲਨੈਸ ਸੈਂਟਰ ਜ਼ਿਲ੍ਹਾ ਪੁਲੀਸ ਨੂੰ ਸਮਰਪਿਤ ਕਰਦਿਆਂ ਜ਼ਿਲ੍ਹਾ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਹੈਲਥ ਤੇ ਵੈਲਨੈਸ ਸੈਂਟਰ ਜ਼ਿਲ੍ਹਾ ਪੁਲੀਸ ਦੀ ਤੰਦਰੁਸਤੀ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਸ. ਕੁਲਦੀਪ ਸਿੰਘ ਨੇ ਕਿਹਾ ਕਿ ਇਸ ਹੈਲਥ ਤੇ ਵੈਲਨੈਸ ਸੈਂਟਰ ਵਿੱਚ ਕੇਵਲ ਇਮਾਰਤ ਜਾਂ ਫਰਨੀਚਰ ਉਪਰ ਹੀ ਜ਼ੋਰ ਨਹੀਂ ਦਿੱਤਾ ਗਿਆ, ਸਗੋਂ ਸਿਹਤ ਸੰਭਾਲ ਸਬੰਧੀ ਲੋੜੀਂਦੇ ਸਾਮਾਨ ਤੇ ਮੈਡੀਕਲ ਸਟਾਫ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ, ਖਾਸਕਰ ਕੇ ਫਿਜ਼ੀਓਥੈਰੇਪੀ ਸੈਕਸ਼ਨ ਵਿੱਚ ਅਤਿ ਆਧੁਨਿਕ ਸਮਾਨ ਲਾਇਆ ਗਿਆ ਹੈ ਤੇ ਬਹੁਤ ਹੀ ਉਚ ਦਰਜੇ ਦਾ ਯੋਗਾ ਰੂਮ ਵੀ ਤਿਆਰ ਕੀਤਾ ਗਿਆ ਹੈ। ਇਸ ਹੈਲਥ ਤੇ ਵੈਲਨੈਸ ਸੈਂਟਰ ਦੀ ਸਥਾਪਤੀ ਸਬੰਧੀ ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਦੀ ਉਚੇਚੇ ਤੌਰ ਉਤੇ ਸ਼ਲਾਘਾ ਕੀਤੀ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਹੈਲਥ ਤੇ ਵੈਲਨੈਸ ਸੈਂਟਰ ਵਿੱਚ ਇੱਕ ਫਾਰਮਾਸਿਸਟ, ਮੈਡੀਕਲ ਅਫ਼ਸਰ, ਮਾਹਿਰ ਫਿਜ਼ੀਓਥੈਰਾਪਿਸਟ ਮੌਜੂਦ ਰਹਿਣਗੇ ਤੇ ਪੁਲੀਸ ਮੁਲਜ਼ਮਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਨਾਲ ਯੋਗਾ ਰੂਮ ਦੇ ਵਿੱਚ ਢੁੱਕਵੇਂ ਮੈਟ ਅਤੇ ਐਲਈਡੀ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪੁਲੀਸ ਮੁਲਾਜ਼ਮ ਬਿਨਾਂ ਕਿਸੇ ਦਿੱਕਤ ਤੋਂ ਢੁਕਵੇਂ ਢੰਗ ਨਾਲ ਯੋਗਾ ਕਰ ਸਕਣ। ਵੈਲਨੈਸ ਸੈਂਟਰ ਦੇ ਵਾਰਡ ਵਿੱਚ ਵੀ ਉਚ ਪੱਧਰ ਦੇ ਬੈਡ ਲਾਏ ਗਏ ਹਨ।
ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹੇ ਦੇ ਪੁਲੀਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਇਸ ਸਹੂਲਤ ਦਾ ਪੂਰਾ ਲਾਭ ਲੈਣ ਅਤੇ ਤੰਦਰੁਸਤ ਰਹਿ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ।
ਇਸ ਮੌਕੇ ਏ.ਡੀ.ਜੀ.ਪੀ.ਟੈਕਨੀਕਲ ਸਰਵਿਸਿਜ਼ ਅਤੇ ਪੁਲੀਸ ਗਵਰਨੈਂਸ ਰਿਫੌਰਮਜ਼, ਸ. ਕੁਲਦੀਪ ਸਿੰਘ ਨੇ ਪੁਲੀਸ ਲਾਈਨ ਦੇ ਸਟੇਡੀਅਮ ਸਮੇਤ ਹੋਰ ਵਿੰਗਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਡੀ.ਆਈ.ਜੀ. ਰੂਪਨਗਰ ਰੇਂਜ, ਸ. ਗੁਰਪ੍ਰੀਤ ਸਿੰਘ ਤੂਰ, ਐਸ ਪੀ (ਐਚ) ਹਰਪਾਲ ਸਿੰਘ, ਐਸ ਪੀ (ਜਾਂਚ) ਜਗਜੀਤ ਸਿੰਘ ਜੱਲਾ, ਐਸ ਪੀ ਨਵਰੀਤ ਸਿੰਘ ਵਿਰਕ, ਐਸ ਪੀ ਅਮਰਜੀਤ ਸਿੰਘ ਮਟਵਾਨੀ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਮਨਜੀਤ ਸਿੰਘ, ਡੀ ਐਸ ਪੀ ਬਸੀ ਪਠਾਣਾਂ ਸੁਖਮਿੰਦਰ ਸਿੰਘ, ਇੰਚਾਰਜ ਪੁਲੀਸ ਲਾਈਨ ਹਸਪਤਾਲ ਡਾ. ਰੁਕਿੰਦਰ ਸਿੰਘ, ਫਾਰਮੇਸੀ ਅਫ਼ਸਰ ਕੰਵਲਜੀਤ ਸਿੰਘ, ਫਿਜ਼ੀਓਥੈਰਾਪਿਸਟ ਮਨਪ੍ਰਭਜੋਤ ਸਿੰਘ, ਬਲਵਿੰਦਰ ਕੌਰ ਏ ਐਨ ਐਮ ਆਦਿ ਹਾਜ਼ਰ ਸਨ।

