ਪੰਜਾਬਪਟਿਆਲਾ

ਚੋਣ ਗੇਅਰ : ਸ਼ਾਹੀ ਸ਼ਹਿਰ ’ਚ ਬੀਬਾਜੈਇੰਦਰ ਅਤੇ ‘ਸਿੱਧੂ ਜੋੜਾ’ ਸਰਗਰਮ !

ਰਾਜਪੁਰਾ ’ਚ ਸੁਰਜੀਤ ਸਿੰਘ ਗੜ੍ਹੀ ਦੀ ਤੇਜ਼ ਸਰਗਰਮੀ ਨੇ ਵਧਾਈ ਕਈਆਂ ਦੀ ਚਿੰਤਾ

ਪਟਿਆਲਾ 9 ਜੂਨ (ਮਧੂਸਾਰ ਬਿਊਰੋ) ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਅੰਦਰੋਂ-ਅੰਦਰ ਕੀਤੀ ਜਾ ਰਹੀ ਕਸਰਤ ਨਾਲ ਸਪੱਸ਼ਟ ਹੈ ਕਿ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਆਪ ਵੱਲੋਂ ਚੋਣ ਗੇਅਰ ਪਾ ਦਿੱਤਾ ਗਿਆ ਹੈ। ਤਿੰਨੋਂ ਸਰਗਰਮ ਪਾਰਟੀਆਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਐਲਾਨ ਵਾਲੀ ਸਭ ਤੋਂ ਮੋਹਰੀ ਪਾਰਟੀ ਵਜੋਂ ਉਭਰੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਵੱਖ ਵੱਖ ਹਲਕਿਆਂ ਵਿਚ 24 ਦੇ ਕਰੀਬ ਨਿਯੁਕਤ ਕੀਤੇ ਹਲਕਾ ਇੰਚਾਰਜ ਇਸ ਗੱਲ ਦਾ ਸੰਕੇਤ ਹਨ ਕਿ ਆਪ ਪਾਰਟੀ ਵੀ ਚੋਣ ਪਿੜ ਭਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਵੇਂ ਕਾਂਗਰਸ ਆਪਸੀ ਖਾਨਾਜੰਗੀ ਕਰਕੇ ਉਲਝੀ ਹੋਈ ਵਿਖਾਈ ਦਿੰਦੀ ਹੋਈ ਹੈ, ਪਰ ਫੇਰ ਵੀ ਕਾਂਗਰਸ ਸੱਤਾ ਵਿਚ ਹੋਣ ਕਰਕੇ ਚੋਣ ਲੜਨ ਦੇ ਪੂਰੀ ਤਰ੍ਹਾਂ ਸਮਰਥ ਦਿਖਾਈ ਦਿੰਦੀ ਹੈ।
ਪਟਿਆਲਾ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬੀ ਜੈਇੰਦਰ ਕੌਰ ਨੂੰ ਚੋਣ ਮੈਦਾਨ ’ਚ ਉਤਾਰਨ ਦੀਆਂ ਚਰਚਾਵਾਂ ਹਨ, ਜਿਨਾਂ ਵੱਲੋਂ ਸ਼ਹਿਰ ਦੇ ਚੱਲ ਰਹੇ ਵਿਕਾਸ ਕੰਮਾਂ ’ਤੇ ਨਿਗਾਹ ਰੱਖਣੀ ਅਤੇ ਵੱਖ ਵੱਖ ਵਾਰਡਾਂ ’ਚ ਜਾ ਕੇ ਕੀਤੀ ਜਾ ਰਹੀ ਹਲਚਲ ਇਹ ਸੰਕੇਤ ਦਿੰਦੀ ਹੈ ਕਿ ਸ਼ਾਹੀ ਪਰਿਵਾਰ ਇਸ ਵਾਰ ਆਪਣੀ ਧੀ ਨੂੰ ਉਮੀਦਵਾਰ ਵਜੋਂ ਅੱਗੇ ਲਿਆ ਜਾ ਸਕਦਾ ਹੈ। ‘ਸਿੱਧੂ’ ਜੋੜੇ ਵੱਲੋਂ ਆਪਣੇ ਜੱਦੀ ਘਰ ’ਚ ਡੇਰੇ ਲਾਏ ਕਈ ਅਰਥ ਕੱਢੇ ਜਾ ਰਹੇ ਰਹੇ ਹਨ, ਬੱਸ ਇਹੋ ਚਰਚਾਵਾਂ ਹਨ ਕਿ ‘ਸ਼ੇਰ’ ਆਵੇਗਾ ਕਦੋਂ ਆਵੇਗਾ ਜਾਂ ਨਹੀਂ ਆਵੇਗਾ ਭਰਮ ਭੁਲੇਖੇ ਪੈਦਾ ਕਰਨ ਵਾਲੀ ਰਾਜਨੀਤੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਕੋਈ ਸਿਆਸੀ ਚਿਹਰਾ ਉਮੀਦਵਾਰੀ ਦਾ ਦਾਅਵਾ ਨਹੀਂ ਕਰ ਰਿਹਾ, ਪਰ ਉਮੀਦਵਾਰ ਬਣਨ ਅਤੇ ਟਿਕਟ ਦੀ ਵੰਡ ਨੂੰ ਲੈ ਕੇ ਅੰਦਰੋਂ ਅੰਦਰ ਬਖੇੜਾ ਜ਼ਰੂਰ ਵਿਖਾਈ ਦੇ ਰਿਹਾ ਹੈ।

ਰਾਜਪੁਰਾ ਸੀਟ ’ਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਪ੍ਰੰਤੂ ਚਰਨਜੀਤ ਸਿੰਘ ਬਰਾੜ ਅਤੇ ਸੁਰਜੀਤ ਸਿੰਘ ਗੜ੍ਹੀ ਵਿਚਾਲੇ ਉਮੀਦਵਾਰੀ ਨੂੰ ਲੈ ਕੇ ਤਣੀ ਬਣ ਗਈ ਹੈ ਕਿ ‘ਬਰਾੜ’ ਬਾਹਰੀ ਉਮੀਦਵਾਰ ਹਨ, ਜਿਸ ਕਾਰਨ ਬਗਾਗਤ ਦੇ ਆਸਾਰ ਹੁਣ ਤੋਂ ਹੀ ਬਣਨੇ ਸ਼ੁਰੂ ਹੋ ਗਏ ਹਨ। ਚਰਨਜੀਤ ਸਿੰਘ ਬਰਾੜ ਦੇ ਉਲਟ ਸ਼ੋ੍ਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਪਿੰਡਾਂ ’ਚ ਵਧਾਈਆਂ ਸਰਗਰਮੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਪੁਰਾ ਸੀਟ ’ਤੇ ਭਾਜਪਾ ਜਾਂ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਟੱਕਰ ਮਿਲੇ ਭਾਵੇਂ ਨਾ ਮਿਲੇ ਪਰ ਸੁਰਜੀਤ ਸਿੰਘ ਗੜ੍ਹੀ ਪਾਸੋਂ ਕੀਤੀ ਜਾ ਰਹੀ ਸਰਗਰਮੀ ਨਾਲ ‘ਬਰਾੜ’ ਜੇ ਉਮੀਦਵਾਰ ਹੁੰਦੇ ਹਨ ਤਾਂ ਅਕਾਲੀ ਦਲ ਨੂੰ ਸੀਟ ’ਤੇ ਨੁਕਸਾਨ ਝੱਲਣਾ ਪੈ ਸਕਦਾ ਹੈ। ਚਰਨਜੀਤ ਸਿੰਘ ਬਰਾੜ ਤੋਂ ਪਹਿਲਾਂ ਸੁਰਜੀਤ ਸਿੰਘ ਗੜ੍ਹੀ ਰਾਜਪੁਰਾ ਵਿਚ ਕਈ ਸਾਲਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਝੋਲੀ ਸੀਟ ਪਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਰੋਜ਼ਾਨਾ ਇਕ ਦਰਜਨ ਤੋਂ ਵੱਧ ਪਿੰਡਾਂ ’ਚ ਲੋਕਾਂ ਨਾਲ ਬਣਾਇਆ ਜਾ ਰਿਹਾ ਤਾਲਮੇਲ ਇਹ ਸਪੱਸ਼ਟ ਕਰਦਾ ਸੀ ਕਿ ਸੁਰਜੀਤ ਸਿੰਘ ਗੜ੍ਹੀ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ, ਪ੍ਰੰਤੂ ਅਚਨਚੇਤ ਚਰਨਜੀਤ ਸਿੰਘ ਬਰਾੜ ਵੱਲੋਂ ਰਾਜਪੁਰਾ ’ਚ ਸਰਗਰਮੀ ਕਰਕੇ ਉਮੀਦਵਾਰ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਨੂੰ ਸਹੀ ਫੈਸਲੇ ਵਜੋਂ ਨਹੀਂ ਵੇਖਿਆ ਜਾ ਰਿਹਾ ਹੈ। ਏਸ ਤੋਂ ਪਹਿਲਾਂ ਸਾਬਕਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਰਾਜਪੁਰਾ ਸ਼ਹਿਰ ’ਤੇ ਸੀਟ ਲੜਨ ਪ੍ਰਤੀ ਦਿਲਚਸਪੀ ਵਿਖਾਈ ਜਾ ਰਹੀ ਸੀ, ਪਰ ਹਾਲ ਦੀ ਘੜੀ ਚੱਲ ਰਹੀਆਂ ਗਤੀਵਿਧੀਆਂ ਨੇ ਆਸ ਨੂੰ ਮੱਧਮ ਪਾ ਦਿੱਤਾ ਹੈ। ਰਾਜਪੁਰਾ ’ਚ ਚਰਚਾਵਾਂ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਜੇ ਸੁਰਜੀਤ ਸਿੰਘ ਗੜ੍ਹੀ ਨੂੰ ਰਾਜਪੁਰਾ ਤੋਂ ਉਮੀਦਵਾਰ ਐਲਾਨ ਦੇਵੇ ਤਾਂ ਨਤੀਜਿਆਂ ਦੇ ਸਮੀਕਰਣ ਕੁਝ ਹੋਰ ਹੋ ਸਕਦੇ ਹਨ। ਕਾਂਗਰਸੀ ਉਮੀਦਵਾਰ ਹਰਦਿਆਲ ਕੰਬੋਜ ਦਾ ਵਿਵਾਦਤ ਮੁੱਦਿਆਂ ਨਾਲ ਜੁੜਨਾ, ਕਿਸਾਨੀ ਮੁੱਦੇ ਕਾਰਨ ਭਾਜਪਾ ਦਾ ਗਰਾਫ ਡਿੱਗਣਾ ਅਤੇ ਆਪ ਦਾ ਮਜ਼ਬੂਤ ਉਮੀਦਵਾਰ ਨਾ ਹੋਣ ਤੋਂ ਸਪੱਸ਼ਟ ਹੈ ਕਿ ਸੁਰਜੀਤ ਸਿੰਘ ਗੜ੍ਹੀ ਨਤੀਜਿਆਂ ’ਚ ਵੱਡਾ ਉਲਟ ਫੇਰ ਕਰ ਸਕਦੇ ਹਨ।

Leave a Reply

Your email address will not be published. Required fields are marked *