ਪੰਜਾਬ

ਮਨੀਸ਼ ਸਿਸੋਦੀਆ ਨੂੰ ਮੁੱਖ ਮੰਤਰੀ ਦਾ ਕਰਾਰ ਜਵਾਬ-ਤੁਹਾਡੇ ਲਈ ਅੰਗੂਰ ਖੱਟੇ

ਪ੍ਰਤੱਖ ਹਾਰ ਤੋਂ ਘਬਰਾ ਕੇ ਹੋ-ਹੱਲਾ ਮਚਾ ਰਹੀ ਹੈ ਕੇਜਰੀਵਾਲ ਦੀ ਆਮ ਆਦਮੀ ਪਾਰਟੀ

ਚੰਡੀਗੜ੍ਹ, 12 ਜੂਨ (ਅਬਰਾਵਾਂ/ਮਧੂਸਾਰ ਬਿਊਰੋ) ਸਕੂਲ ਸਿੱਖਿਆ ਦਰਜਾਬੰਦੀ ਦੇ ਮਾਮਲੇ ਵਿਚ ਕੇਂਦਰ ਅਤੇ ਪੰਜਾਬ ਸਰਕਾਰਾਂ ਦਰਮਿਆਨ ਸਿਆਸੀ ਮਿਲੀਭੁਗਤ ਹੋਣ ਦੇ ਦੋਸ਼ ਲਾਉਣ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਕਰਾਰ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਪ੍ਰਤੱਖ ਹਾਰ ਨੂੰ ਪਹਿਲਾਂ ਤੋਂ ਭਾਂਪਦਿਆਂ ਆਮ ਆਦਮੀ ਪਾਰਟੀ ਵੱਲੋਂ ਬੇਲੋੜਾ ਹੋ-ਹੱਲਾ ਮਚਾਇਆ ਜਾ ਰਿਹਾ ਹੈ।
ਮਨੀਸ਼ ਸਿਸੋਦੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦਰਮਿਆਨ ਲੁਕਵਾਂ ਸਮਝੌਤਾ ਹੋਣ ਦੇ ਲਾਏ ਦੋਸ਼ਾਂ ਉਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਪ ਲੀਡਰਸ਼ਿਪ ਚੋਣ ਸਿਆਸਤ ਵਿਚ ਏਨੀ ਘਬਾਰਾਈ ਹੋਈ ਹੈ ਕਿ ਇਸ ਨੂੰ ਸਕੂਲ ਸਿੱਖਿਆ ਵਰਗੇ ਬੁਨਿਆਦੀ ਮਾਮਲੇ ਵਿਚ ਵੀ ਚੋਣ ਸਾਜਿਸ਼ ਦਿਸਣ ਲੱਗ ਪਈ ਹਨ। ਉਨ੍ਹਾਂ ਕਿਹਾ ਕਿ ਅਸਲ ਤੱਥ ਇਹ ਹੈ ਕਿ ਆਮ ਆਦਮੀ ਪਾਰਟੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾੜੀ ਕਾਰਗੁਜਾਰੀ ਦਿਖਾਉਣ ਤੋਂ ਲੈ ਕੇ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਦੇ ਸਿਆਸੀ ਖੇਤਰ ਵਿਚ ਕੋਈ ਵੀ ਪ੍ਰਭਾਵ ਛੱਡਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ  ਸਾਲ 2022 ਦੀਆਂ ਚੋਣਾਂ ਵਿਚ ਵੀ ਇਸ ਨੂੰ ਆਪਣੀ ਇਹੀ ਹਸ਼ਰ ਹੁੰਦਾ ਦਿਸ ਰਿਹਾ ਹੈ।  

ਕੈਪਟਨ ਅਮਰਿੰਦਰ ਸਿੰਘ ਨੇ ਸਿਸੋਦੀਆ ਨੂੰ ਕਿਹਾ, “ਪੰਜਾਬ ਆਓ, ਮੈਂ ਤਹਾਨੂੰ ਸਾਡੇ ਸਕੂਲਾਂ ਦੀ ਕਾਰਗੁਜਾਰੀ ਦਿਖਾਵਾਂਗਾ।” ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲ ਦੇ ਆਧਾਰ ਉਤੇ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਜਿੰਮਾ ਚੁੱਕਿਆ ਸੀ ਅਤੇ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਹਾਲ ਹੀ ਵਿਚ ਸਾਲ 2019-20 ਦੀ ਜਾਰੀ ਕੀਤੀ ਕਾਰਗੁਜਾਰੀ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) 2019-20 ਦੇ ਨਤੀਜਿਆਂ ਤੋਂ ਸਾਡੇ ਉਪਰਾਲਿਆਂ ਦੀ ਸਫਲਤਾ ਦੀ ਝਲਕ ਸਾਫ ਨਜਰ ਆਉਂਦੀ ਹੈ। ਸਿਸੋਦੀਆ ਵੱਲੋਂ ਮੋਦੀ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦਰਿਮਆਨ ‘ਜੁਗਲਬੰਦੀ’ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਜੇਕਰ ਤੁਸੀਂ ਸੱਚਮੁੱਚ ਹੀ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਇਛੁੱਕ ਹੋ ਤਾਂ ਤਹਾਨੂੰ ਮੇਰੇ ਨਾਲ ਜੁਗਲਬੰਦੀ ਕਰਨੀ ਚਾਹੀਦੀ ਹੈ ਅਤੇ ਮੈਂ ਤਹਾਨੂੰ ਸਿਖਾਵਾਂਗਾ ਕਿ ਸਕੂਲਾਂ ਦੀ ਸਥਿਤੀ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਗ੍ਰੇਡਿੰਗ ਇੰਡੈਕਸ ਵਿਚ ਪੰਜਾਬ ਦੀ ਦਰਜਾਬੰਦੀ 22ਵੇਂ ਸਥਾਨ ਉਤੇ ਸੀ ਅਤੇ ਉਸ ਤੋਂ ਬਾਅਦ ਪੰਜਾਬ ਦੀ ਸਕੂਲ ਸਿੱਖਿਆ ਦੀ ਮੁਕੰਮਲ ਕਾਇਆ ਕਲਪ ਕਰਨ ਸਦਕਾ ਪੀ.ਜੀ.ਆਈ. ਵਿਚ ਅੱਵਲ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ,“ਤੁਹਾਡੀਆਂ ਸਿਆਸੀ ਟਿੱਪਣੀਆਂ ਇਸ ਸਫਲਤਾ ਉਤੇ ਪਰਦਾ ਨਹੀਂ ਪਾ ਸਕਦੀਆਂ।” ਉਨ੍ਹਾਂ ਨੇ ਸਿਸੋਦੀਆਂ ਦੀਆਂ ਸਿਆਸੀ ਟਿੱਪਣੀਆਂ ਨੂੰ ‘ਅੰਗੂਰ ਖੱਟੇ ਹਨ’ ਵਾਲੀ ਗੱਲ ਨਾਲ ਜੋੜਦਿਆਂ ਕਿਹਾ ਕਿ ਐਨ.ਸੀ.ਆਰ. ਦਿੱਲੀ ਨੇ ਇਸ ਸੂਚੀ ਵਿਚ ਮਸਾਂ ਛੇਵਾਂ ਰੈਂਕ ਹਾਸਲ ਕੀਤਾ ਹੈ।    

Leave a Reply

Your email address will not be published. Required fields are marked *