ਅਧਿਆਪਕਾਂ ਵੱਲੋਂ ਜਤਾਏ ਰੋਸ ਤੋਂ ਬੁਖਲਾਇਆ ਸਿੱਖਿਆ ਸਕੱਤਰ: ਡੀ.ਟੀ.ਐੱਫ
ਵਿਭਾਗ ਦਾ ਫੇਸਬੁੱਕ ਪੇਜ ਪਸੰਦ, ਸੇਅਰ ਕਰਨ ਦੇ ਤੁਗਲਕੀ ਫਰਮਾਨ ਜਾਰੀ
ਫਰਜੀ ਅੰਕੜਿਆਂ ਦਾ ਝੂਠ ਜੱਗ ਜਾਹਰ ਕਰਾਂਗੇ : ਦਿੱਗਵਿਜੇਪਾਲ
ਪਟਿਆਲਾ, 12 ਜੂਨ (ਮਧੂਸਾਰ ਬਿਊਰੋ) ਫਰਜੀ ਅੰਕੜਿਆਂ ਰੂਪੀ ਪ੍ਰਾਪਤੀਆਂ ਨੂੰ ਚੋਣ ਸਟੰਟ ਬਣਾ ਕੇ ਮੁੱਖ ਮੰਤਰੀ ਦੀ ਅਧਿਆਪਕਾਂ ਨਾਲ ਕਰਵਾਈ ਵਰਚੂਅਲ ਮੀਟਿੰਗ ਵਿੱਚ ਅਧਿਆਪਕਾਂ ਵੱਲੋਂ ਬੇਪਸੰਦਗੀ ਦੇ ਵਿਖਾਏ ਰੋਸ ਤੋਂ ਬੁਖਲਾਇਆ ਸਿੱਖਿਆ ਸਕੱਤਰ ਹੁਣ ਜਬਰੀ ਪਸੰਦਾਂ ਹਾਸਲ ਕਰਨ ਦੀ ਤਾਨਾਸਾਹੀ ਤੇ ਉਤਰ ਆਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸਰਮਾ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ ਤੇ ਜਸਵਿੰਦਰ ਸਿੰਘ ਬਠਿੰਡਾ ਨੇ ਕੀਤਾ।
ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਜਾਰੀ ਕੀਤੇ ਨਿਰਦੇਸਾਂ ਵਿੱਚ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਤੇ ਸਰਗਰਮੀਆਂ ਪਸੰਦ, ਸੇਅਰ ਤੇ ਟਿੱਪਣੀਆਂ ਕਰਨ ਦੇ ਲਿਖਤੀ ਫਰਮਾਨ ਜਾਰੀ ਕੀਤੇ ਗਏ ਹਨ। ਨਾਲ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਿੱਖਿਆ ਵਿਭਾਗ ਦੇ ਪੇਜ ਨੂੰ ਪਸੰਦ ਕਰਨ ਲਈ ਪੰਚਾਇਤਾਂ, ਸਿੱਖਿਆ ਸੰਸਥਾਵਾਂ ਕੱਲਬਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੱਦਦ ਵੀ ਲਈ ਜਾਵੇ। ਆਗੂਆਂ ਨੇ ਆਖਿਆ ਕਿ ਜਥੇਬੰਦੀ ਫਰਜੀ ਅੰਕੜਿਆਂ ਦੀ ਖੇਡ ਨੂੰ ਜੱਗ ਜਾਹਰ ਕਰੇਗੀ। ਜਥੇਬੰਦੀ ਦੇ ਸੂਬਾਈ ਆਗੂਆਂ ਬਲਵੀਰ ਚੰਦ ਲੌਂਗੋਵਾਲ ਕਰਨੈਲ ਸਿੰਘ ਚਿੱਟੀ, ਗੁਰਮੀਤ ਕੋਟਲੀ ਨੇ ਆਖਿਆ ਕਿ ਸਿੱਖਿਆ ਸਕੱਤਰ ਆਪਣੇ ਪੜ੍ਹੋ ਪੰਜਾਬ ਪ੍ਰੋਜੈਕਟ ਰਾਹੀਂ ਰਾਜ ਭਰ ਦੇ ਸਰਕਾਰੀ ਸਕੂਲ ਅਧਿਆਪਕਾਂ ਵਿਭਾਗੀ ਫਰਜੀ ਅੰਕੜਿਆਂ ਨੂੰ ਪਸੰਦ ਤੇ ਸੇਅਰ ਕਰਕੇ ਸਰਕਾਰ ਦੀ ਪ੍ਰਾਪਤੀ ਦਰਸਾਉਣ ਤੇ ਤੁਲਿਆ ਹੋਇਆ ਹੈ। ਆਗੂਆਂ ਨੇ ਆਖਿਆ ਕਿ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਇੱਕ ਪ੍ਰਸਾਸਨਿਕ ਅਧਿਕਾਰੀ ਸਰਕਾਰ ਦੀ ਖੁਸਨੂਦੀ ਹਾਸਲ ਕਰਨ ਲਈ ਅਧਿਆਪਕਾਂ ਨੂੰ ਝੂਠ ਬੋਲਣ, ਲਿਖਣ ਤੇ ਪ੍ਰਚਾਰਨ ਲਈ ਮਜਬੂਰ ਕਰ ਰਿਹਾ ਹੈ। ਇਕਾਈ ਪਟਿਆਲਾ ਦੇ ਅਧਿਆਪਕ ਆਗੂਆਂ ਤਲਵਿੰਦਰ ਖਰੌੜ, ਨਵਨੀਤ ਅਨਾਇਤਪੁਰੀ, ਸਨੇਹਦੀਪ ਨੇ ਆਖਿਆ ਕਿ 800 ਮਿਡਲ ਸਕੂਲਾਂ ਨੂੰ ਤਾਲੇ ਜੜ੍ਹਨ,ਆਨਲਾਈਨ ਬਦਲੀਆਂ ਬਹਾਨੇ ਚੁੱਪ ਚੁਪੀਤੇ ਹਜਾਰਾਂ ਪੋਸਟਾਂ ਖਤਮ ਕਰਨ, ਕੰਪਿਊਟਰ ਤੇ ਵੋਕੇਸਨਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਕਰਮਚਾਰੀ ਨਾ ਮੰਨਣ, ਨਿੱਜੀਕਰਨ ਦੀਆਂ ਨੀਤੀਆਂ ਤਹਿਤ ਅਧਿਆਪਕਾਂ ਦੀ ਪੂਰੇ ਤਨਖਾਹ ਸਕੇਲਾਂ ਤੇ ਰੈਗੂਲਰ ਭਰਤੀ ਨਾ ਕਰਨ, ਆਨਲਾਈਨ ਸਿੱਖਿਆ ਦੇ ਨਾਂ ਤੇ ਵਿਦਿਅਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਜਿਹੇ ਅਨੇਕਾਂ ਸਿੱਖਿਆ/ਅਧਿਆਪਕ ਵਿਰੋਧੀ ਫੈਸਲੇ ਆਗੂ ਕਰਨ ਵਾਲਾ ਸਿੱਖਿਆ ਮੰਤਰੀ ਕਿਹੜੇ ਮੂੰਹ ਨਾਲ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਵਾ ਰਿਹਾ ਹੈ? ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸਾਂ ‘ਤੇ ਟੇਕ ਰੱਖਦਿਆਂ ਫਰਜੀ ਅੰਕੜਿਆਂ ਰੂਪੀ ਪ੍ਰਾਪਤੀਆਂ ਦੀ ਅਸਲੀਅਤ ਜੱਗ ਜਾਹਰ ਕੀਤੀ ਜਾਵੇਗੀ।

