ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸ਼ਹੀਦੀ ਪੁਰਬ ਅਤੇ ਸ਼ੁਕਰਾਨਾ ਸਮਾਗਮ ਕਰਵਾਇਆ
ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨਾ ਸਮੇਂ ਦੀ ਵੱਡੀ ਜ਼ਰੂਰਤ : ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ
ਪਟਿਆਲਾ 15 ਜੂਨ (ਮਧੂਸਾਰ ਬਿਊਰੋ) ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਚਾਰ ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਧਾਰਮਿਕ ਸਮਾਗਮ ਜਾਰੀ ਰਹੇ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਦੀਵਾਨਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਦੀਵਾਨਾਂ ਵਿਚ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਸੰਗਤਾਂ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਇਤਿਹਾਸ ਦੀ ਰੌਸ਼ਨੀ ਵਿਚ ਜਾਣੂੰ ਕਰਵਾਇਆ ਕਿ ਗੁਰੂ ਸਾਹਿਬ ਨੇ ਸਿੱਖਾਂ ਦਾ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਵੱਡਮੁੱਲਾ ਕਾਰਜ ਕਰਕੇ ਸਮੁੱਚੀ ਮਾਨਵਤਾ ਨੂੰ ਅਜਿਹਾ ਧਾਰਮਿਕ ਗ੍ਰੰਥ ਦਿੱਤਾ, ਜਿਸ ਦੇ ਬਰਾਬਰ ਦਾ ਕੋਈ ਧਰਮ ਗ੍ਰੰਥ ਸਮੁੱਚੀ ਲੋਕਾਈ ਨੂੰ ਨਹੀਂ ਮਿਲ ਸਕਿਆ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਹਮੇਸ਼ਾ ਸੇਵਾ, ਸਿਮਰਨ ਅਤੇ ਪ੍ਰਭੂ ਭਗਤੀ ਨੂੰ ਅਹਿਮ ਦੱਸਦਿਆਂ ਸ਼ਬਦ ਗੁਰੂ ਨਾਲ ਜੁੜਨ ਲਈ ਪ੍ਰੇਰਿਆ ਅਤੇ ਧਰਮ ਦੇ ਪ੍ਰਚਾਰ ਪਸਾਰ ਕੰਮਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਲਗਾਤਾਰ ਚੱਲੇ ਸ਼ੁਕਰਾਨਾ ਸਮਾਗਮਾਂ ਵਿਚ ਸੁਖਮਨੀ ਸੇਵਾ ਸੁਸਾਇਟੀਆਂ ਅਤੇ ਸੰਗਤਾਂ ਦੀ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਬੱਚਿਆਂ ਨੂੰ ਵੀ ਪ੍ਰਬੰਧ ਵੱਲੋਂ ਸਨਮਾਨਤ ਕੀਤਾ ਗਿਆ। ਸ਼ਹੀਦੀ ਪੁਰਬ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰਾਂ ਦਾ ਨਿਰੰਤਰ ਪ੍ਰਵਾਹ ਜਾਰੀ ਰਿਹਾ। ਇਸ ਮੌਕੇ ਸੁਖਮਨੀ ਸੇਵਾ ਸੁਸਾਇਟੀਆਂ ਵਾਲੀਆਂ ਬੀਬੀਆਂ ਵਿਚ ਬੀਬੀ ਪ੍ਰਦੀਪ ਕੌਰ, ਬੀਬੀ ਮਨਦੀਪ ਕੌਰ ਸੁਸਾਇਟੀ ਪ੍ਰਧਾਨ, ਬੀਬੀ ਗੁਰਨਾਮ ਕੌਰ, ਬੀਬੀ ਨਾਗੀ, ਬੀਬੀ ਮਨਜੀਤ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਗੁਰਜੀਤ ਕੌਰ ਆਦਿ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।

