ਖਾਲਸਾ ਕਾਲਜ ਵੂਮੈਨ ਨੇ ਮਨਾਇਆ ਤੀਆਂ ਦਾ ਤਿਉਹਾਰ
ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ : ਛੀਨਾ
ਅੰਮ੍ਰਿਤਸਰ, 29 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ¸ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕੋਵਿਡ‐19 ਦੇ ਮੱਦੇਨਜ਼ਰ ਕਾਲਜ ਦੇ ਫ਼ੈਕਲਟੀ ਮੈਂਬਰਜ਼ ਦੁਆਰਾ ਸੁਹਾਵਣੇ ਮੌਸਮ ’ਚ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਝੂਟੇ ਲੈਂਦਿਆਂ ਸਾਵਣ ਰੁੱਤ ’ਤੇ ਬੋਲੀਆਂ ਪਾਈਆਂ ਅਤੇ ਸਾਉਣ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਗਈ।
ਇਸ ਮੌਕੇ ਪ੍ਰਿੰ: ਸੁਰਿੰਦਰ ਕੌਰ ਨੇ ਕਿਹਾ ਕਿ ਸਾਵਣ ਮੌਕੇ ਤੀਆਂ ਦਾ ਤਿਉਹਾਰ ਹਰੇਕ ਸਾਲ ਕਾਲਜ ਦੁਆਰਾ ਬੜ੍ਹੇ ਚਾਅ ਅਤੇ ਉਮੰਗਾਂ ਨਾਲ ਸੰਪੂਰਨ ਸੱਭਿਆਚਾਰਕ ਪਹਿਰਾਵਿਆਂ ’ਚ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਪਰ ਬੀਤੇ ਕੁਝ ਸਮੇਂ ਤੋਂ ਕੋਰੋਨਾ ਵਰਗੀ ਮਹਾਮਾਰੀ ਕਾਰਨ ਕਾਲਜ ’ਚ ਵਿਦਿਆਰਥਣਾਂ ਦੀ ਆਮਦ ਨਾ ਹੋਣ ਕਾਰਨ ਸਟਾਫ਼ ਦੁਆਰਾ ਮਹਿੰਦੀ ਅਤੇ ਸ਼ਿੰਗਾਰ ਆਦਿ ਦੀਆਂ ਰਸਮਾਂ ਕੀਤੀਆਂ ਗਈਆਂ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਲਿਟਲ ਫ਼ਲਾਵਰ ਸਕੂਲ ਦੇ ਐਮ. ਡੀ. ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਕਾਲਜ ਸਟਾਫ਼ ਨਾਲ ਗਿੱਧਾ ਤੇ ਬੋਲੀਆਂ ਪਾਉਂਦਿਆਂ ਕਿਹਾ ਕਿ ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਸਾਰਿਆਂ ਨੂੰ ਵਿਰਾਸਤ ’ਚ ਮਿਲੇ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣਾ ਚਾਹੀਦਾ ਹੈ। ਪਰ ਸਾਲ‐2020 ਮਾਰਚ ’ਚ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਜਨ ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਅਤੇ ਜਿਸ ਨਾਲ ਲੀਹਾਂ ’ਤੇ ਜਾ ਰਹੀ ਮਨੁੱਖੀ ਜ਼ਿੰਦਗੀ ਡਾਵਾਂਡੋਲ ਹੋ ਗਈ। ਜਿਸ ਕਾਰਨ ਅੱਜ ਸ਼ਗਨ ਵਜੋਂ ਕਾਲਜ ਦੇ ਸਟਾਫ਼ ਨਾਲ ਤੀਆਂ ਦਾ ਤਿਉਹਾਰ ਅਤੇ ਕੋਰੋਨਾ ਵਾਇਰਸ ਤੋਂ ਹਰੇਕ ਦੀ ਭਲੇ ਦੀ ਪ੍ਰਮਾਤਮਾ ਤੋਂ ਕਾਮਨਾ ਕੀਤੀ ਗਈ ਹੈ ਤਾਂ ਕਿ ਜਲਦ ਤੋਂ ਜਲਦ ਆਮ ਵਾਂਗੂੰ ਫ਼ਿਰ ਤੋਂ ਜ਼ਿੰਦਗੀ ਰਫ਼ਤਾਰ ਫੜ੍ਹ ਸਕੇ।
ਇਸ ਮੌੇਕੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਹੈ। ਇਸ ਮੌਕੇ ਕਾਲਜ ਸਟਾਫ਼ ਨੇ ਪੀਂਘਾਂ ਝੂਟਣ, ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਇਸ ਮੌਕੇ ਪ੍ਰਿੰ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਵਨ ਦ ਮਹੀਨਾ, ਦੇਸੀ 12 ਮਹੀਨਿਆਂ ’ਚੋਂ ਵੱਖਰੀ ਪਛਾਣ ਰੱਖਦਾ ਹੈ। ਇਸ ਤਿਉਹਾਰ ’ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ। ਇਸ ਮੌਕੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦਿੰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਮਾਜ ਸੇਵਕ ਸੰਸਥਾਵਾਂ, ਕਾਲਜ ਅਤੇ ਸਕੂਲ ਆਦਿ ਸਮੇਂ-ਸਮੇਂ ’ਤੇ ਇਹੋ ਜਿਹੇ ਉਪਰਾਲੇ ਕਰਦੇ ਹਨ ਕਿ ਸਾਡੇ ਰੀਤੀ-ਰਿਵਾਜਾਂ ਨਾਲ ਜੁੜੇ ਹੋਏ ਇਹ ਤਿਉਹਾਰ ਜਿਉਂਦੇ ਰਹਿ ਸਕਣ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਛੀਨਾ ਨੂੰ ਫ਼ੁਲਕਾਰੀ, ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਜਤਿੰਦਰ ਕੌਰ, ਪ੍ਰੋ: ਰਵਿੰਦਰ ਕੌਰ, ਪ੍ਰੋ: ਮਨਬੀਰ ਕੌਰ, ਡਾ. ਸੁਮਨ, ਡਾ. ਰੀਤੂ, ਮਨਦੀਪ ਗੁਲਾਟੀ, ਕਿਰਨ, ਸੁਮਿਤ, ਡਾ. ਨੀਰੂ ਤੇ ਹੋਰ ਸਟਾਫ਼ ਹਾਜ਼ਰ ਸੀ।

