ਪੰਜਾਬ

ਨਿਹੰਗ ਸਿੰਘਾਂ ਦੇ ਗੜਗੱਜ ਬੋਲਿਆਂ ਦਾ ਕੋਸ਼ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਲੋਕ ਅਰਪਣ

ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵੱਲੋਂ ਇਤਿਹਾਸਕ ਕਾਰਜ: ਜਥੇ: ਗਿ: ਰਘੁਬੀਰ ਸਿੰਘ

ਤਲਵੰਡੀ ਸਾਬੋ, 31 ਜੁਲਾਈ-(ਮਧੂਸਾਰ ਬਿਊਰੋ) ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਹੈੱਡ ਕੁਆਟਰ ਗੁਰਦੁਆਰਾ ਦੇਗਸਰ ਸਾਹਿਬ ਪਾ: 10ਵੀਂ ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ: ਰਘੁਬੀਰ ਸਿੰਘ ਅਤੇ ਬੁੱਢਾ ਦਲ ਚਲਦਾ ਵਹੀਰ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸਾਂਝੇ ਤੌਰ ਤੇ ਨਿਹੰਗ ਸਿੰਘਾਂ ਦੇ ਖਾਲਸਾਈ ਗੜਗੱਜ ਬੋਲਿਆਂ ਤੇ ਵਿਸ਼ੇਸ਼ ਤੌਰ ਤੇ ਤਿਆਰ ਕੋਸ਼ ਰਲੀਜ ਕੀਤਾ ਗਿਆ।ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਤਿਆਰ ਕੀਤੇ ਇਸ ਨਵੇਕਲੇ ਅਤੇ ਮੇਹਨਤਕਸ ਖੋਜ ਭਰਭੂਰ ਕੋਸ਼ ਸਬੰਧੀ ਬੋਲਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵਿਗਿਆਨਕ ਚੇਤਨਾ ਦੇ ਪਸਾਰ ਨਾਲ ਸਮਾਜਿਕ ਸੱਭਿਆਚਾਰਕ ਕਦਰਾਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਪਰਨ ਵਾਲੀਆਂ ਤਬਦੀਲੀਆਂ ਵਿਕਾਸਮੁੱਖਤਾ ਵੱਲ ਵਧਣ ਦੀਆਂ ਸੂਚਕ ਹਨ । ਇਨ੍ਹਾਂ ਵਿੱਚੋਂ ਹੀ ਸੱਭਿਆਚਾਰ ਦੀ ਨਵ ਸਿਰਜਣਾ ਹੋਣੀ ਹੁੰਦੀ ਹੈ ।ਸਭਿਆਚਾਰ ਕਿਸੇ ਜਨ-ਸਮੂਹ ਦੇ ਜੀਵਨ ਦੀਆਂ ਹਰ ਪ੍ਰਕਾਰ ਦੀਆਂ ਕਿਰਿਆਵਾਂ ਦਾ ਸਮੂਹ ਹੈ ਜਿਨ੍ਹਾਂ ਕਰਕੇ ਉਹ ਜਨ ਸਮੂਹ ਦੂਸਰੇ ਜਨ-ਸਮੂਹਾਂ ਨਾਲੋਂ ਆਪ ਨੂੰ ਵੱਖਰਾ ਪ੍ਰਦਸ਼ਤ ਕਰਦਾ ਹੈ।ਉਨ੍ਹਾਂ ਕਿਹਾ ਜਿਹੜੇ ਸ਼ਬਦ ਜੁਬਾਨ ਦੀ ਰੰਗ-ਭੂਮੀ ਉੱਪਰ ਨੱਚਦੇ-ਨੱਚਦੇ ਥੱਕ ਟੁੱਟ ਕੇ ਡਿੱਗ ਪੈਂਦੇ ਹਨ, ਉਹ ਬੀਤਿਆ ਇਤਿਹਾਸ ਬਣ ਕੇ ਰਹਿ ਜਾਂਦੇ ਹਨ।ਭਾਸ਼ਾ ਦੇ ਕਾਫਲੇ ਦੇ ਵੀ ਕੁਝ ਕਾਨੂੰਨ ਅਤੇ ਕਾਇਦੇ ਹੁੰਦੇ ਹਨ, ਕੁਝ ਛੋਟਾਂ ਵੀ ਹੁੰਦੀਆਂ ਹਨ।ਨਿਹੰਗ ਸਿੰਘਾਂ ਦੇ ਬੋਲੇ ਪੰਜਾਬੀ ਸਾਹਿਤ ਦਾ ਖਾਸ ਰੂਪ ਹੈ ਜਿਸ ਨੇ ਪੰਜਾਬੀ ਸ਼ਬਦ ਭੰਡਾਰ ਵਿਚ ਅਮੁਲ ਵਾਧਾ ਕੀਤਾ।ਉਨ੍ਹਾਂ ਹੋਰ ਕਿਹਾ ਖਾਲਸਾਈ ਬੋਲੇ ਮੱਧਕਾਲੀ ਪੰਜਾਬੀ ਭਾਸ਼ਾ ਦੇ ਕੁਝ ਨਾਵਾਂ, ਕ੍ਰਿਆਵਾਂ ਹਨ, ਜੋ ਸਿੱਖ ਲਹਿਰ ਦੇ ਸੰਘਰਸ਼ ਤੇ ਵਿਕਾਸ ਸਮੇਂ ਵਿਸ਼ੇਸ਼ ਪਰਿਸਥਿਤੀਆਂ ਅਧੀਨ ਤਿਆਰ ਕੀਤੇ ਗਏ।ਉਨ੍ਹਾਂ ਨੇ ਬਾਬਾ ਬਲਬੀਰ ਸਿੰਘ ਤੇ ਸ੍ਰ. ਦਿਲਜੀਤ ਸਿੰਘ ਬੇਦੀ ਨੂੰ ਇਸ ਕਾਰਜ ਲਈ ਵਧਾਈ ਦੇਂਦਿਆਂ ਕਿਹਾ ਇਹ ਉਪਰਾਲਾ ਪ੍ਰਸੰਸਾ ਜਨਕ ਹੈ।

ਸਿੰਘ ਸਾਹਿਬ ਗਿ: ਰਘੁਬੀਰ ਸਿੰਘ ਜਥੇ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਨੇ ਕਿਹਾ ਕਿ ਇਨ੍ਹਾਂ ਬੋਲਿਆਂ ਦਾ ਮੁੱਢ ਸ੍ਰੀ ਦਸਮ ਗ੍ਰੰਥ ਵਿਚਲੀ ਸ਼ਸਤਰਨਾਮਾ ਰਚਨਾ ਮੰਨਿਆ ਜਾ ਸਕਦਾ ਹੈ ਜਿਸ ਵਿਚ ਤਲਵਾਰ, ਤੀਰ, ਤੁਪਕ ਆਦਿ ਸ਼ਸਤਰਾਂ ਦੇ ਨਾਮ ਦਿੱਤੇ ਗਏ ਹਨ।ਉਨ੍ਹਾਂ ਕਿਹਾ ਖਾਲਸਾਈ ਬੋਲੇ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਦੇ ਸਮਿਆਂ ਵਿਚ ਬਣਨੇ ਆਰੰਭ ਹੋਏ।ਇਕੱਲਾ ਸਿੱਖ ਆਪਣੇ ਆਪ ਨੂੰ ਫੌਜ ਆਖਦਾ ਹੈ।ਖਾਲਸਾਈ ਬੋਲਿਆਂ ਦਾ ਜ਼ਿਆਦਾ ਸੰਬੰਧ 1716-1765 ਵਿਚਲੇ ਸਿੱਖ ਸੰਘਰਸ਼ ਦੇ ਸਮਿਆਂ ਨਾਲ ਹੈ।ਜਿਸ ਵੇਲੇ ਸਿੰਘਾਂ ਨੇ ਉਸ ਸਮੇਂ ਦੀ ਸਰਕਾਰ ਵਿਰੁੱਧ ਜੀਵਨ ਮਰਨ ਦੀ ਲੜਾਈ ਲੜੀ ਅਤੇ ਜੇਤੂ ਹੋ ਕੇ ਨਿਕਲੇ।ਇਸ ਸਮੇਂ ਦੇ ਘੱਲੂਘਾਰਿਆਂ ਤੋਂ ਇਲਾਵਾ ਸਿੱਖਾਂ ਦੇ ਕਤਲੇਆਮ ਤੇ ਸਿੱਖ ਨੇਤਾਵਾਂ ਦੀਆਂ ਸ਼ਹੀਦੀਆਂ ਹੋਈਆਂ।ਉਨ੍ਹਾਂ ਕਿਹਾ ਨਿਹੰਗ ਸਿੰਘਾਂ ਦੇ ਖਾਲਸਾਈ ਬੋਲੇ ਉਸ ਸਮੇਂ ਦੀ ਸਿੱਖ ਮਾਨਸਿਕਤਾ, ਸਿੱਖ ਰਹਿਣੀ, ਸਿੱਖ ਸੰਘਰਸ਼ ਦੀ ਗਾਥਾ ਪੇਸ਼ ਕਰਦੇ ਹਨ।ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਨੂੰ ਨਿਹੰਗ ਅਕਾਲੀ ਕੌਰ ਸਿੰਘ ਜੀ ਵਰਗੇ ਮਹਾਨ ਵਿਦਵਾਨਾਂ ਦੇ ਨਕਸ਼ੇ ਕਦਮਾਂ ਉੱਪਰ ਚੱਲਣ ਦੀ ਲੋੜ ਹੈ।ਸਾਰੀ ਮਨੁੱਖਤਾ ਨਾਲ ਪਿਆਰ ਭਾਈਚਾਰਾ, ਵਿਗਿਆਨਕ ਸੂਝ, ਨੈਤਿਕਤਾ ਗੁਣ ਧਾਰਨ ਕਰਨਾ ਅਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਵਿਵਹਾਰਕ ਜੀਵਨ ਬਤੀਤ ਕਰਨ ਦੀ ਲੋੜ ਹੈ।ਕੋਸ਼ ਦੇ ਲੋਕ ਅਰਪਣ ਸਮੇਂ ਮਹੰਤ ਕਰਮਜੀਤ ਸਿੰਘ ਸੇਵਾਪੰਥੀ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸੰਤ ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਮਹੰਤ ਕਾਕਾ ਸਿੰਘ ਮਸਤੂਆਣਾ ਬੂੰਗਾ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਜੱਸਾ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *