ਦੇਸ਼-ਵਿਦੇਸ਼ਪੰਜਾਬ

ਅਫਗਾਨਿਸਤਾਨ ਤੋਂ ਲਿਆਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਖੇ ਕੀਤੇ ਸੁਸ਼ੋਭਿਤ

ਸੁੰਦਰ ਪਾਲਕੀ ਸਾਹਿਬ ਤੋਂ ਸੁਸ਼ੋਭਿਤ ਕਰ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਲਿਆਂਦੇ ਗਏ ਸਰੂਪ

ਅਫਗਾਨਿਤਸਾਨ ਤੋਂ ਆਏ ਸਿੱਖ ਤੇ ਹਿੰਦੂ ਭਰਾਵਾਂ ਨੂੰ ਰਹਿਣ ਲਈ ਥਾਂ ਸਮੇਤ ਹਰ ਡਟਵੀਂ ਮਦਦ ਕਰਾਂਗੇ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 24 ਅਗਸਤ : (ਮਧੂਸਾਰ ਬਿਊਰੋ) ਅਫਗਾਨਿਤਸਾਨ ਤੋਂ ਲਿਆਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਦਿੱਲੀ ਵਿਖੇ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ। ਇਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤੇ ਗਏ ਤੇ ਫਿਰ ਇਹਨਾਂ ਨੁੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਨਿਊ ਮਹਾਂਵੀਰ ਨਗਰ ਪੱਛਮੀ ਦਿੱਲੀ ਵਿਖੇ ਆਦਰ ਤੇ ਸਤਿਕਾਰ ਨਾਲ ਲਿਆ ਕੇ ਸੁਸ਼ੋਭਿਤ ਕੀਤਾ ਗਿਆ। ਰਸਤੇ ਵਿਚ ਕੀਰਤਨੀ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਕੀਤੇ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਤੇ ਕਾਬੁਲ ਤੋਂ 44 ਲੋਕ ਜੋ ਸਿੱਖ ਤੇ ਹਿੰਦੂ ਪਰਿਵਾਰਾਂ ਤੋਂ ਹਨ, ਦੇ ਨਾਲ ਹੀ ਅੱਜ ਵਿਸ਼ੇਸ਼ ਫਲਾਈਟ ਰਾਹੀਂ ਦਿੱਲੀ ਲਿਆਂਦੇ ਗਏ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ  ਹਾਲਾਤ ਵਿਗੜਨ ਕਾਰਨ ਸਥਾਨਕ ਲੋਕਾਂ ਨੇ ਉਥੋਂ ਕੱਢੇ ਜਾਣ ਦੀ ਬੇਨਤੀ ਕੀਤੀ ਸੀ। ਪਹਿਲਾਂ ਅਮਰੀਕਾ, ਇੰਗਲੈਂਡ ਤੇ ਪੱਛਮੀ ਤਾਕਤਾਂ ਤੋਂ ਆਸ ਕੀਤੀ ਜਾ ਰਹੀ ਸੀ ਪਰ ਕਿਸੇ ਨੇ ਉਹਨਾਂ ਨੁੰ ਸੁਰੱਖਿਅਤ ਨਹੀਂ ਕੱਢਿਆ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ  ਕਮੇਟੀ ਨੇ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਤਾਂ ਫਸੇ ਨਾਗਰਿਕਾਂ ਨੁੰ ਕੱਢਣ ਦਾ ਕੰਮ ਸ਼ੁਰੂ ਹੋਇਆ ਤੇ ਇਹ ਪਾਵਰਨ ਸਰੂਪ ਤੇ ਲੋਕ ਸੁਰੱਖਿਅਤ ਭਾਰਤ ਲਿਆਂਦੇ ਗਏ।
ਉਹਨਾਂ ਕਿਹਾ ਕਿ ਅਸੀਂ ਦੇਸ਼ ਦੀ ਸਰਕਾਰ ਦੇ ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਸਾਡੀ ਅਪੀਲ ਸੁਣੀ। ਉਹਨਾਂ ਕਿਹਾ ਕਿ ਅਸੀਂ ਅਕਾਲ ਪੁਰਖ ਦਾ  ਸ਼ੁਕਰਾਨਾ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਇਹ ਪਾਵਨ ਸਰੂਪ ਤੇ ਲੋਕ ਸੁਰੱਖਿਅਤ ਭਾਰਤ ਪਹੁੰਚ ਗਏ ਹਨ।
ਉਹਨਾਂ ਦੱਸਿਆ ਕਿ ਤਿੰਨ ਵਿਚੋਂ ਦੋ ਸਰੂਪਾਂ ਦਾ ਸੁੱਖ ਆਸਨ ਕਰਵਾ ਦਿੱਤਾ ਗਿਆ ਹੈ ਤੇ ਇਕ ਸਰੁਪ ਦਾ ਸੰਗਤਾਂ ਦੇ ਦਰਸ਼ਨਾਂ ਵਾਸਤੇ ਪ੍ਰਕਾਸ਼ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਇਥੇ 2020 ਅਤੇ 2021 ਵਿਚ ਆਏ ਹਨ, ਉਹਨਾਂ ਨੁੰ ਇਥੇ ਦੀ ਨਾਗਰਿਕਤਾ ਦਿੱਤੀ ਜਾਵੇ ਤਾਂ ਜੋ ਇਹ ਲੋਕ ਇਥੇ ਵੱਸ ਸਕਣ, ਇਹਨਾਂ ਦੇ ਬੱਚੇ ਸਕੂਲਾਂ ਵਿਚ ਪੜ ਸਕਣ ਤੇ ਇਹ ਲੋਕ ਆਪਣੇ ਰੋਜ਼ਗਾਰ ਕਰ ਸਕਣ।
ਉਹਨਾਂ ਇਹ ਵੀ ਦੱਸਿਆ ਕਿ ਹਾਲੇ ਵੀ 225 ਸਿੱਖ ਤੇ ਹਿੰਦੂ ਉਥੇ ਅਫਗਾਨਿਸਤਾਨ ਵਿਚ ਬਾਕੀ ਰਹਿੰਦੇ ਹਨ। ਉਹਨਾਂ ਦੱਸਿਆ ਕਿ ਕੰਲ 75 ਲੋਕਾਂ ਨੁੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਅਚਾਨਕ ਹਾਲਾਤ ਖਰਾਬ ਹੋ ਗਏ ਤੇ ਸਾਰੇ ਲੋਕ ਨਹੀਂ ਲਿਆਂਦੇ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮਾਮਲੇ ‘ਤੇ ਉਹਨਾਂ ਦਾ ਦੇਰ ਰਾਤ ਤੱਕ ਤੇ ਫਿਰ ਅੱਜ ਸਵੇਰ ਤੋਂ ਵਿਦੇਸ਼ ਮੰਤਰਾਲੇਨਾਲ ਸੰਪਰਕ ਬਣਿਆ ਹੋਇਆ ਹੈ ਤੇ ਜਿਹੜੇ ਬਾਕੀ ਲੋਕ ਰਹਿ ਗਏ ਹਨ, ਉਹਨਾਂ ਨੁੰ ਛੇਤੀ ਤੋਂ ਛੇਤੀ ਇਥੇ ਲਿਆਂਦਾ ਜਾਵੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਸਿਰਸਾ ਨੇ ਦੱਸਿਆ ਕਿ ਨਾ ਤਾਂ ਅਸੀਂ ਆਰਥਿਕ ਮਦਦ ਸਰਕਾਰ ਤੋਂ ਮੰਗੀ ਹੈ ਤੇ ਨਾ ਹੀ ਸਾਨੂੰ ਜ਼ਰੂਰਤ ਹੈ ਤੇ ਨਾ ਹੀ ਕਿਸੇ ਸ਼ਰਣਾਰਥੀ ਨੇ ਅਜਿਹੀ ਕੋਈ ਮੰਗ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਹਨਾਂ ਕੋਲ ਠਹਿਰਣ ਦਾ ਇੰਤਜ਼ਾਮ ਨਹੀਂ ਹੈ, ਉਹਨਾਂ ਨੁੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਠਹਿਰਾਇਆ ਜਾਵੇਗਾ ਤੇ ਇਹਨਾਂ ਪਰਿਵਾਰਾਂ ਦੀ ਆਰਥਿਕ ਸਮੇਤ ਹਰ ਪੱਖੋਂ ਮਦਦ ਕੀਤੀ ਜਾਵੇਗੀ।

Leave a Reply

Your email address will not be published. Required fields are marked *