ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਵਜੀਦਪੁਰ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ
ਪਟਿਆਲਾ :(ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੁਆਰਾ ਸਕੂਲਾਂ ਦੀ ਨੁਹਾਰ ਬਦਲਣ ਅਧੀਨ ਸਰਵ ਸਿੱਖਿਆ ਅਭਿਆਨ ਪੰਜਾਬ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਵਜੀਦਪੁਰ ਵਿਖੇ ਨਵੇਂ ਉਸਾਰੇ ਗਏ ਕਮਰੇ ਦਾ ਉਦਘਾਟਨ ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਤਰਸੇਮ ਸਿੰਘ ਝੰਡੀ ਤੇ ਜਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਇੰਜੀ: ਅਮਰਜੀਤ ਸਿੰਘ ਨੇ ਕੀਤਾ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਇੰਜ: ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਵਿਭਾਗ ਦੁਆਰਾ ਵਿਸ਼ੇਸ਼ ਦਿਲਚਸਪੀ ਲਈ ਜਾ ਰਹੀ ਹੈ।
ਜਿਸ ਤਹਿਤ ਸਕੂਲਾਂ ਵਿੱਚ ਕਮਰਿਆਂ ਦੀ ਉਸਾਰੀ ਖੇਡ ਦੇ ਮੈਦਾਨ, ਬਾਲਾ ਵਰਕ, ਲਾਇਬ੍ਰੇਰੀ ਅਤੇ ਸਕੂਲਾਂ ਦੇ ਸੁੰਦਰੀਕਰਨ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਕੂਲਾਂ ਦਾ ਬੁਨਿਆਦੀ ਢਾਂਚਾ ਵਿਕਸਤ ਹੋ ਸਕੇ। ਉਨ੍ਹਾਂ ਕਿਹਾ ਕਿ ਮਾਡਲ ਸਕੂਲਾਂ ਦੀ ਤਰਜ ਤੇ ਐਲ.ਈ.ਡੀ. ਅਤੇ ਪ੍ਰੋਜੈਕਟਰ ਵੀ ਲਗਾਏ ਜਾ ਰਹੇ ਹਨ। ਜਿਲੇ ਅੰਦਰ ਸਮੁੱਚੇ ਸਕੂਲਾਂ ਦੀ ਪਹਿਲ ਦੇ ਆਧਾਰ ਤੇ ਨੁਹਾਰ ਬਦਲੀ ਜਾ ਰਹੀ ਹੈ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਤਰਸੇਮ ਸਿੰਘ ਝੰਡੀ ਨੇ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ ਵਚਨਬੱਧ ਹੈ ਅਤੇ ਹਲਕੇ ਦੇ ਐਮ.ਐਲ.ਏ. ਸ੍ਰ. ਰਾਜਿੰਦਰ ਸਿੰਘ ਸਮਾਣਾ ਵੱਲੋਂ ਵਿਸ਼ੇਸ਼ ਦਿਲਚਸਪੀ ਲਈ ਜਾ ਰਹੀ ਹੈ। ਇਸ ਮੌਕੇ ਉਹਨਾਂ ਜਲਦ ਹੀ ਸਕੂਲ ਦੇ ਰਹਿਦੇ ਕੰਮਾਂ ਲਈ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ।
ਬਲਾਕ ਸਿੱਖਿਆ ਅਧਿਕਾਰੀ ਪਟਿਆਲਾ—3 ਜਸਵਿੰਦਰ ਸਿੰਘ ਨੇ ਕਿਹਾ ਕਿ ਵਜੀਦਪੁਰ ਸਕੂਲ ਸਮੇਤ ਸਮੁੱਚੇ ਬਲਾਕ ਪਟਿਆਲਾ—3 ਦੇ ਸਕੂਲ ਲਗਾਤਾਰ ਤਰੱਕੀ ਦੀ ਰਾਹ ਤੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਦੁਆਰਾ ਸਕੂਲ ਦਾ ਲੋਗੋ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਸੀ.ਐਚ.ਟੀ. ਸ੍ਰੀਮਤੀ ਜਸਪ੍ਰੀਤ ਕੌਰ ਨੇ ਸਮੁੱਚੇ ਆਏ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਹੋਰ ਮਿਹਨਤ ਲਗਨ ਨਾਲ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਅਧਿਆਪਕ ਗੁਰਪ੍ਰੀਤ ਸਿੰਘ, ਲਖਬੀਰ ਸਿੰਘ, ਕਰਮਜੀਤ ਕੌਰ ਬਸਰਟ, ਸਰਪੰਚ ਮਨਪ੍ਰੀਤ ਸਿੰਘ, ਮਨਦੀਪ ਕੌਰ, ਪਰਗਟ ਸਿੰਘ ਸਾਬਕਾ ਸਰਪੰਚ, ਪਰਵਿੰਦਰ ਕੌਰ, ਰਣਜੀਤ ਸਿੰਘ, ਮਨਜੀਤ ਕੌਰ ਹੈਡ ਟੀਚਰ, ਅਮਰਜੀਤ ਸਿੰਘ ਸੀ.ਐਚ.ਟੀ. ਰੌਂਗਲਾ, ਗੁਰਸ਼ਰਨ ਕੌਰ ਸੀ.ਐਚ.ਟੀ. ਅਬਲੋਵਾਲ, ਹਰਵਿੰਦਰ ਸਿੰਘ ਸੀ.ਐਚ.ਟੀ. ਬਖਸ਼ੀਵਾਲਾ, ਇੰਦਰਪਾਲ ਸਿੰਘ ਸੀ.ਐਚ.ਟੀ. ਭੇਡਪੁਰਾ, ਮੀਨਾ ਰਾਣੀ ਸੀ.ਐਚ.ਟੀ. ਕਲਿਆਣ, ਨਰਿੰਦਰ ਸਿੰਘ ਜੀ.ਓ.ਜੀ., ਥਾਣੇਦਾਰ ਰੁਪਿੰਦਰ ਸਿੰਘ, ਭੁਪਿੰਦਰ ਸਿੰਘ ਵੀ ਹਾਜਰ ਸਨ।

