ਪਿੰਡ ਵਾਲਿਆਂ ਨੇ ਗਲਤ ਅੰਡਰ ਬ੍ਰਿਜ ਬਨਾਉਣ ਤੇ ਲਗਾਇਆ ਵਿਸ਼ਾਲ ਧਰਨਾ
ਪਟਿਆਲਾ, 23 ਸਤੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਪਿੰਡ ਦੋਣ ਕਲਾਂ ਦੇ ਆਲੇ ਦੁਆਲੇ ਦੇ ਦਸ ਪਿੰਡਾਂ ਦੇ ਸਰਪੰਚਾਂ-ਪੰਚਾਂ ਅਤੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਦੋਣ ਕਲਾ ਰੇਲਵੇ ਫਾਟਕ ਉਪਰ ਬਣਾਏ ਗਏ ਗਲਤ ਅੰਡਰ ਬ੍ਰਿਜ ਦੇ ਮੁੱਦੇ ਤੇ ਇਕ ਵਿਸ਼ਾਲ ਧਰਨਾ ਦਿਤਾ। ਇਸ ਮੌਕੇ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੀਨੀਅਰ ਵਾਇਸ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਰੇਲਵੇ ਫਾਟਕ ਦਾ ਮਸਲਾ ਸਭ ਲਈ ਸਾਂਝਾ ਹੈ। ਇਸ ਰੇਲਵੇ ਫਾਟਕ ਦੇ ਉਪਰ ਬਹੁਤ ਗਲਤ ਤਰੀਕੇ ਨਾਲ ਇਕ ਅੰਡਰ ਬ੍ਰਿਜ ਬਣਾਇਆ ਗਿਆ ਹੈ। ਜਿਸ ਸਬੰਧੀ ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਵੱਲੋਂ ਇੱਕ ਮੰਗ ਪੱਤਰ ਡੀ. ਸੀ ਪਟਿਆਲਾ ਨੂੰ ਦਿੱਤਾ ਗਿਆ ਹੈ। ਸੱਤ ਪ੍ਰਕਾਸ਼ ਨੇ ਕਿਹਾ ਕਿ ਇਸ ਪਿੰਡ ਵਿੱਚ 10 ਸੈੱਲਰ ਹਨ ਅਤੇ ਹੋਰ ਬਹੁਤ ਸਾਰੀ ਇੰਡਸਟਰੀ ਲੱਗੀ ਹੋਈ ਹੈ।
ਇਹ ਰਸਤਾ ਅੱਗੇ ਜਾ ਕੇ 10- 15 ਪਿੰਡਾਂ ਨੂੰ ਮੇਨ ਰੋਡ ਨਾਲ ਜੋੜਦਾ ਹੈ। ਦੂਜੇ ਪਾਸੇ ਜਿਹੜਾ ਅੰਡਰ ਬ੍ਰਿਜ ਬਣਾਇਆ ਗਿਆ ਹੈ, ਉਹ ਬਹੁਤ ਹੀ ਤੰਗ ਹੈ। ਜਿਸ ਵਿੱਚੋਂ ਨਾ ਤਾਂ ਮਾਲ ਨਾਲ ਭਰੀ ਹੋਈ ਕੋਈ ਗੱਡੀ ਲੰਘ ਸਕਦੀ ਹੈ ਨਾ ਹੀ ਟਰੈਕਟਰ-ਟਰਾਲੀ ਅਤੇ ਨਾ ਹੀ ਕੋਈ ਹੋਰ ਵਾਹਨ ਉਪਰ ਚੜ ਸਕਦਾ ਹੈ। ਇਹ ਅੰਡਰਬ੍ਰਿਜ ਸਿੱਧੇ ਤੌਰ ਤੇ ਕੁਰੱਪਸ਼ਨ ਅਤੇ ਗਲਤ ਪਲਾਨਿੰਗ ਦਾ ਸਬੂਤ ਹੈ। ਰੇਲਵੇ ਦੇ ਇੰਜੀਨੀਅਰਾਂ ਦੁਆਰਾ ਠੇਕੇਦਾਰਾਂ ਨਾਲ ਮਿਲ ਕੇ ਇਸ ਨੂੰ ਜਾਣ ਬੁੱਝ ਕੇ ਤੰਗ ਅਤੇ ਗਲਤ ਤਰੀਕੇ ਨਾਲ ਬਣਾ ਕੇ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕੀ ਇਹ ਇਲਾਕਾ ਸਰਕਾਰ ਵੱਲੋਂ ਇੰਡਸਟਰੀ ਜੋਨ ਘੋਸ਼ਿਤ ਕੀਤਾ ਹੋਇਆ ਹੈ। ਪਰ ਫਾਟਕ ਬੰਦ ਹੋਣ ਨਾਲ ਇੰਡਸਟਰੀ ਦਾ ਸਮਾਂਨ ਨਹੀਂ ਜਾ ਸਕੇਗਾ,
ਜਿਸ ਨਾਲ ਭਵਿੱਖ ਵਿੱਚ ਇੰਡਸਟਰੀ ਲੱਗਣੀ ਬੰਦ ਹੋ ਜਾਵੇਗੀ। ਪਿੰਡ ਵਿੱਚ ਲੱਗੇ ਬਿਜਲੀ ਬੋਰਡ ਗਰਿੱਡ ਨੂੰ ਵੀ ਸਮਾਂਨ ਨਹੀਂ ਜਾ ਸਕੇਗਾ, ਜਿਸ ਨਾਲ ਪਿੰਡ ਵਾਸੀਆਂ ਅਤੇ ਸਰਕਾਰ ਨੂੰ ਬਹੁਤ ਵੱਡਾ ਵਿਤੀ ਨੁਕਸਾਨ ਹੋਵੇਗਾ। ਸਮੂਹ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਇਸ ਬ੍ਰਿਜ ਦਾ ਨਕਸ਼ਾ ਸਹੀ ਪਾਸ ਨਹੀਂ ਹੁੰਦਾ ਅਤੇ ਉਨ੍ਹਾਂ ਦੀਆਂ ਬਾਕੀ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਦ ਤਕ ਰੇਲਵੇ ਫਾਟਕ ਨੂੰ ਖੁੱਲ੍ਹਾ ਰੱਖਿਆ ਜਾਵੇ। ਜੇਕਰ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਵੀ ਲਿਖਤੀ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੀ 29 ਤਰੀਕ ਨੂੰ ਰੇਲਵੇ ਟਰੈਕ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਅਤੇ ਸਾਰੀਆਂ ਪੰਚਾਇਤਾਂ ਵੱਲੋਂ ਪਰਿਵਾਰਾਂ ਸਮੇਤ ਟਰੈਕ ਉੱਪਰ ਧਰਨਾ ਦਿੱਤਾ ਜਾਵੇਗਾ ਅਤੇ ਸਤ ਪ੍ਰਕਾਸ਼ ਗੋਇਲ ਦੀ ਅਗਵਾਈ ਵਿਚ ਰਾਈਸ ਸ਼ੈਲਰ ਐਸੋਸੀਏਸ਼ਨ ਵੀ ਇਸ ਧਰਨੇ ਵਿੱਚ ਸ਼ਾਮਲ ਹੋਵੇਗੀ। ਇਸ ਮੌਕੇ ਮੱਖਣ ਸਿੰਘ ਪ੍ਰਧਾਨ, ਬਲਵੀਰ ਸਿੰਘ ਸਰਪੰਚ ਦੌਣਕਲਾਂ, ਗੁਰਦਰਸ਼ਨ ਸਿੰਘ ਸਰਪੰਚ ਜਨਹੇੜੀਆਂ, ਸੁਰਮੁਖ ਸਿੰਘ ਸਰਪੰਚ ਦੌਣ ਖੁਰਦ, ਹਰਪ੍ਰੀਤ ਸਿੰਘ, ਜਗਵੰਤ ਸਿੰਘ, ਨਰਿੰਦਰ ਸਿੰਘ, ਸਤਵਿੰਦਰ ਸਿੰਘ, ਜਸਵਿੰਦਰ ਕੌਰ, ਅਮਨਦੀਪ ਕੌਰ, ਰਜਿੰਦਰ ਕੌਰ, ਬਲਵਿੰਦਰ ਕੌਰ, ਭੁਪਿੰਦਰ ਕੌਰ, ਰੋਹਿਤ ਗੋਇਲ, ਜਤਿਨ ਗੋਇਲ, ਨਾਰਾਇਣ ਸ਼ਰਮਾ, ਮੁਨੀਸ਼ ਗੋਇਲ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਤੇ ਪਿੰਡ ਵਾਲੇ ਹਾਜਰ ਸਨ।

