ਲਖੀਮਪੁਰ ਖੀਰੀ ਘਟਨਾ : ਮਿ੍ਰਤਕ ਕਿਸਾਨਾਂ ਦੇ ਪਰਿਵਾਰ ਨੂੰ 45-45 ਲੱਖ ਰੁਪਏ ਦੀ ਮਿਲੇਗੀ ਆਰਥਿਕ ਮਦਦ
ਮਾਮਲੇ ਦੀ ਨਿਆਇਕ ਜਾਂਚ ਹਾਈ ਕੋਰਟ ਦੇ ਛੁੱਟੀ ਪ੍ਰਾਪਤ ਜੱਜ ਤੋਂ ਕਰਵਾਈ ਜਾਵੇਗੀ
ਲਖਨਊ 4 ਅਕਤੂਬਰ (ਮਧੂਸਾਰ ਬਿਊਰੋ) ਲਖੀਮਪੁਰ ਖੀਰੀ ’ਚ ਹਿੰਸਾ ’ਚ ਕਿਸਾਨਾਂ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਸੋਮਵਾਰ ਨੂੰ ਦੱਸਿਆ,‘‘ਸਮਝੌਤੇ ਦੇ ਅਧੀਨ ਲਖੀਮਪੁਰ ’ਚ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਸਥਾਨਕ ਪੱਧਰ ’ਤੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਜਦੋਂ ਕਿ ਜਖਮੀਆਂ ਨੂੰ ਬਿਹਤਰ ਇਲਾਜ ਲਈ 10-10 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਕਿਸਾਨਾਂ ਦੀ ਮੰਗ ’ਤੇ ਮਾਮਲੇ ਦੀ ਨਿਆਇਕ ਜਾਂਚ ਹਾਈ ਕੋਰਟ ਦੇ ਛੁੱਟੀ ਪ੍ਰਾਪਤ ਜੱਜ ਤੋਂ ਕਰਵਾਈ ਜਾਵੇਗੀ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ’ਤੇ ਪੂਰੇ ਮਾਮਲੇ ਦੀ ਪ੍ਰਭਾਵੀ ਜਾਂਚ ਜਲਦ ਤੋਂ ਜਲਦ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ ਦੇ ਉਪ ਮੁੱਖ ਮੰਤਰੀ ਕੇਸਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦੌਰਾਨ ਐਤਵਾਰ ਨੂੰ ਲਖੀਮਪੁਰ ਖੀਰੀ ਜਲ੍ਹਿੇ ਦੇ ਤਿਕੋਨੀਆ ਖੇਤਰ ਵਿਚ ਹੋਈ ਹਿੰਸਾ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤਿਕੋਨੀਆ-ਬਨਬੀਰਪੁਰ ਸੜਕ ‘ਤੇ ਵਾਪਰੀ। ਉਪ ਮੁੱਖ ਮੰਤਰੀ ਨੂੰ ਘਟਨਾ ਸਥਾਨ ‘ਤੇ ਲਿਆਉਣ ਲਈ ਜਾ ਰਹੇ ਭਾਜਪਾ ਵਰਕਰਾਂ ਦੇ ਦੋ ਵਾਹਨਾਂ ਨੇ ਪ੍ਰਦਰਸਨਕਾਰੀਆਂ ਨੂੰ ਕਥਿਤ ਤੌਰ ‘ਤੇ ਟੱਕਰ ਮਾਰਨ ਤੋਂ ਬਾਅਦ ਗੁੱਸੇ ਵਿਚ ਆਏ ਕਿਸਾਨਾਂ ਨੇ ਦੋਹਾਂ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿਚ 4 ਕਿਸਾਨਾਂ ਅਤੇ ਵਾਹਨਾਂ ਵਿਚ ਸਵਾਰ 4 ਹੋਰ ਲੋਕਾਂ ਦੀ ਮੌਤ ਹੋ ਗਈ। ਕਿਸਾਨ ਮੌਰੀਆ ਦੀ ਬਨਬੀਰਪੁਰ ਫੇਰੀ ਦਾ ਵਿਰੋਧ ਕਰ ਰਹੇ ਸਨ, ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਖੀਰੀ ਤੋਂ ਸੰਸਦ ਮੈਂਬਰ ਅਜੈ ਕੁਮਾਰ ਮਿਸਰਾ ਦਾ ਜੱਦੀ ਪਿੰਡ ਹੈ।

