ਪੰਜ ਰੋਜ਼ਾ ਕਾਰਜਸ਼ਾਲਾ ਦੇ ਦੂਜੇ ਦਿਨ ਸਿੰਘ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪੁੱਜੇ
ਗੁਰਬਾਣੀ ਜਿਵੇਂ ਲਿਖੀ ਹੈ, ਉਵੇਂ ਹੀ ਪੜ੍ਹਨ ’ਤੇ ਦਿੱਤਾ ਜਾਵੇ ਜ਼ੋਰ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਬਹਾਦਰਗੜ੍ਹ/ਪਟਿਆਲਾ 12 ਅਕਤੂਬਰ (ਮਧੂਸਾਰ ਬਿਊਰੋ) ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿਖਇਜ਼ਮ’ ਬਹਾਦਰਗੜ੍ਹ ਵਿਖੇ ‘ਗੁਰਬਾਣੀ ਸੰਥਿਆ : ਪੰਜ ਰੋਜ਼ਾ ਕਾਰਜਸ਼ਾਲਾ’ ਦੇ ਦੂਜੇ ਦਿਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰਬਾਣੀ ਸੰਥਿਆ ਦੀ ਬਹੁਤ ਮਹੱਤਤਾ ਹੈ। ਇਹ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਆਰੰਭ ਹੋਈ ਸੀ। ਇਸ ਪੰਜ ਰੋਜ਼ਾ ਕਾਰਜਸ਼ਾਲਾ ਦਾ ਮੰਤਵ ਹੈ ਕਿ ਜਿਵੇਂ ਗੁਰਬਾਣੀ ਲਿਖੀ ਹੈ, ਉਵੇਂ ਹੀ ਪੜ੍ਹਨਾ ਹੈ। ਗੁਰਬਾਣੀ ਉਚਾਰਨ ਕਰਦਿਆਂ ਕੋਈ ਲਗ ਮਾਤਰਾ ਨਾ ਆਪਣੇ ਕੋਲੋਂ ਲਾਈਏ ਤੇ ਨਾ ਹਟਾਈਏ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਜੀ ਨੇ ਕਿਹਾ ਕਿ ਗੁਰਬਾਣੀ ਦੀ ਸੰਥਿਆ ਬੇਹੱਦ ਜ਼ਰੂਰੀ ਹੈ। ਸਾਡੀਆਂ ਸੰਪਰਦਾਵਾਂ ਦੀ ਇਸ ਪਾਸੇ ਬਹੁਤ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਗੁਰ-ਇਤਿਹਾਸ ਦੇ ਪ੍ਰਮਾਣਾਂ ਰਾਹੀਂ ਗੁਰਬਾਣੀ ਸੰਥਿਆ ਦੀ ਮਹੱਤਤਾ ਨੂੰ ਦਿ੍ਰੜ ਕਰਾਇਆ। ਦੂਜੇ ਦਿਨ ਦੀ ਕਾਰਜਸ਼ਾਲਾ ਦੇ ਪਹਿਲੇ ਸੈਸ਼ਨ ਵਿਚ ਡਾ. ਮੁਹੱਬਤ ਸਿੰਘ, ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਅਧਿਐਨ ਵਿਭਾਗ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਗੁਰਬਾਣੀ ਉਚਾਰਨ ਅਤੇ ਹੋਰ ਅਨੁਸ਼ਾਸਨ’ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਚਾਰਨ ਦਾ ਪਹਿਲਾ ਨੁਕਤਾ ਲਿਖੇ ਨੂੰ ਉਸੇ ਤਰ੍ਹਾਂ ਪੜ੍ਹਨਾ ਹੈ।
ਇਸ ਮੌਕੇ ਡਾ. ਮੋਹਨ ਸਿੰਘ ਜੀ ਰਿਟਾਇਰਡ ਪ੍ਰੋਫੈਸਰ ਸਰਕਾਰੀ ਕਾਲਜ, ਲੁਧਿਆਣਾ ਨੇ ‘ਗੁਰਬਾਣੀ ਵਿਆਕਰਣ ਦੀ ਮੁਢਲੀ ਜਾਣਕਾਰੀ : ਸੰਥਿਆ ਪਰਿਪੇਖ’ ਬਾਰੇ ਜਾਣੂੰ ਕਰਵਾਉਂਦਿਆਂ ਆਖਿਆ ਕਿ ਅੱਜ ਤੋਂ ਸੌ ਸਾਲ ਪਹਿਲਾਂ ਪ੍ਰੋ. ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ ‘ਗੁਰਬਾਣੀ ਵਿਆਕਰਣ’ ਅਤੇ ਪਿ੍ਰੰ. ਤੇਜਾ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਟ੍ਰੈਕਟ ਰਾਹੀਂ ਪੰਥ ਵਿਚ ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਦੇ ਸ਼ਬਦਾਂ ਦੇ ਅਖੀਰਲੇ ਅੱਖਰਾਂ ਦੇ ਨਾਲ ਪਏ ਔਂਕੜ ਜਾਂ ਸਿਹਾਰੀ ਆਦਿਕ ਦੇ ਉਚਾਰਨ ਬਾਰੇ ਵਿਚਾਰ ਸ਼ੁਰੂ ਕੀਤੀ ਸੀ ਜਿਸ ਨੂੰ ਅੱਗੇ ਗਤੀਸ਼ੀਲ ਕਰਨ ਦੀ ਜ਼ਰੂਰਤ ਹੈ। ਇਸ ਦੌਰਾਨ ਸੁਖਵਿੰਦਰ ਸਿੰਘ ਜੀ ਰਟੌਲ, ਪ੍ਰਚਾਰਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੇ ‘ਗੁਰਮੁਖੀ ਪੈਂਤੀ ਅਤੇ ਮੁਹਾਰਨੀ : ਵਿਹਾਰਕ ਪਰਿਪੇਖ’ ਬਾਬਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਗੁਰਬਾਣੀ ਦੇ ਛੰਦ ਪ੍ਰਬੰਧ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਸੈਸ਼ਨ ਵਿਚ ਮੁਖ ਮਹਿਮਾਨ ਵਜੋਂ ਪੁੱਜੇ ਗਿਆਨੀ ਬਲਦੇਵ ਸਿੰਘ ਲੁਧਿਆਣਾ ਨੇ ਆਖਿਆ ਕਿ ਇਹ ਕਾਰਜਸ਼ਾਲਾ ਪੰਥ ਵਿਚ ਸੰਵਾਦ ਮੁਖੀ ਰੁਝਾਨ ਪੈਦਾ ਕਰੇਗੀ।
ਇਸ ਨਾਲ ਸਾਡੀ ਵਿਰਾਸਤੀ ਗੁਰਬਾਣੀ ਉਚਾਰਨ ਪੰ੍ਰਪਰਾ ਮੁੜ ਸੁਰਜੀਤ ਹੋਵੇਗੀ। ਭਾਈ ਜਸਪਾਲ ਸਿੰਘ, ਖੋਜਾਰਥੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ‘ਗੁਰਬਾਣੀ ਧੁਨੀ ਵਿਉਂਤ ਦੀ ਵਿਹਾਰਕ ਵਿਧੀ’ ਤਹਿਤ ਹਾਜ਼ਰ ਸਿਖਿਆਰਥੀਆਂ ਨੂੰ ਗੁਰਬਾਣੀ ਉਚਾਰਨ ਦਾ ਅਭਿਆਸ ਕਰਵਾਇਆ। ਇੰਸਟੀਚਿਊਟ ਦੇ ਡਾਇਰੈਕਟਰ ਨੇ ਡਾ. ਚਮਕੌਰ ਸਿੰਘ ਜੀ ਨੇ ਕਾਰਜਸ਼ਾਲਾ ਵਿਚ ਪੁੱਜੇ ਸਮੂੰਹ ਪਤਵੰਤੇ ਸੱਜਣਾਂ, ਵਿਦਵਾਨਾਂ, ਖੋਜਾਰਥੀਆਂ, ਸਿਖਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਸਵਰਨ ਸਿੰਘ ਜੀ ਲੁਧਿਆਣਾ, ਡਾ. ਗੁਰਸੇਵਕ ਸਿੰਘ, ਡਾ. ਗੁਰਮੇਲ ਸਿੰਘ, ਡਾ. ਤੇਜਿੰਦਰ ਪਾਲ ਸਿੰਘ, ਡਾ. ਹਰਦੇਵ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਦੇ ਮੁਖੀ ਸਾਹਿਬਾਨ, ਖੋਜਾਰਥੀ, ਇੰਸਟੀਚਿਊਟ ਦਾ ਸਟਾਫ ਅਤੇ ਬੀ.ਐਮ.ਐਸ ਦੇ ਵਿਦਿਆਰਥੀ ਸ਼ਾਮਲ ਸਨ।

