ਪੰਜਾਬਪਟਿਆਲਾ

ਪਿੰਡ ਅੱਚਲ ਵਿਖੇ ਲਗਾਇਆ ਗਿਆ ਕੈਂਸਰ ਜਾਂਚ ਕੈਂਪ

ਕੈਂਪ ਦੌਰਾਨ 400 ਵਿਅਕਤੀਆਂ ਦੀ ਕੀਤੀ ਗਈ ਜਾਂਚ

ਨਾਭਾ, 12 ਨਵੰਬਰ:(ਮਧੂਸਾਰ ਬਿਊਰੋ) ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵੱਲੋਂ ਨਾਭਾ ਤਹਿਸੀਲ ਦੇ ਪਿੰਡ ਅੱਚਲ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ‘ਚ ਪੁੱਜੇ ਐਸ.ਡੀ.ਐਮ ਨਾਭਾ ਕਨੂ ਗਰਗ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਪਹਿਲਕਦਮੀ ਨਾਲ ਲਾਏ ਗਏ ਇਸ ਕੈਂਪ ਦਾ ਉਦੇਸ਼ ਆਮ ਲੋਕਾਂ ਨੂੰ ਦਰਪੇਸ਼ ਸਿਹਤ ਸਬੰਧੀ ਮੁਸ਼ਕਿਲਾਂ ਦਾ ਪਤਾ ਲਾਉਣਾ ਅਤੇ ਅੱਗੇ ਉਸ ਲਈ ਇਲਾਜ ਦਾ ਰਾਹ ਦੱਸਣਾ ਸੀ। ਉਨ੍ਹਾਂ ਕਿਹਾ ਅਜਿਹੇ ਕੈਂਪਾਂ ਨਾਲ ਲੋੜਵੰਦ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਸਬੰਧੀ ਜਾਣਕਾਰੀ ਮਿਲੇਗੀ ਤਾਂ ਜੋ ਇਸ ਬਿਮਾਰੀ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ ਇਲਾਜ ਕੀਤਾ ਜਾ ਸਕੇ।

ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਦੀ ਟੀਮ ਦੇ ਮੁਖੀ ਡਾ. ਧਰਮਿੰਦਰ ਢਿੱਲੋਂ ਦੀ ਅਗਵਾਈ ‘ਚ 10 ਮਾਹਰਾਂ ਡਾਕਟਰਾਂ ਸਮੇਤ 40 ਮੈਂਬਰਾਂ ਦੇ ਸਟਾਫ਼ ਨੇ 400 ਵਿਅਕਤੀਆਂ ਦੀ ਸਰੀਰਕ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਧਰਮਿੰਦਰ ਢਿੱਲੋਂ ਨੇ ਦੱਸਿਆ ਕਿ ਕੈਂਪ ਦੌਰਾਨ ਔਰਤਾਂ ਅਤੇ ਮਰਦਾਂ ਦੀ ਸਰੀਰਕ ਜਾਂਚ ਤੋਂ ਇਲਾਵਾ ਔਰਤਾਂ ‘ਚ ਕੈਂਸਰ ਦੀ ਜਾਂਚ ਕਰਨ ਲਈ ਮੈਮੋਗ੍ਰਾਫੀ ਤੇ ਪੇਪ ਸਮੀਅਰ ਟੈਸਟ ਕੀਤੇ ਗਏ ਹਨ ਤੇ ਮਰਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ ਤੋਂ ਇਲਾਵਾ ਹੱਡੀਆਂ ਦੀ ਜਾਂਚ ਅਤੇ ਜਨਰਲ ਚੈੱਕਅਪ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਸੁਚੇਤ ਕਰਨ ਲਈ ਲਗਾਤਾਰ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਹਰੇਕ ਨਾਗਰਿਕ ਤੱਕ ਸਿਹਤ ਸਹੂਲਤ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਕੈਂਪ ‘ਚ ਅੱਚਲ ਪਿੰਡ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਵੀ ਟੈਸਟ ਕਰਵਾਏ ਹਨ, ਜੋ ਕਿ ਜਾਗਰੂਕਤਾ ਪੱਖੋਂ ਚੰਗਾ ਸੰਕੇਤ ਹੈ।

ਉਹਨਾਂ ਦੱਸਿਆ ਕਿ ਜਾਂਚ ਕਰਨ ਦੇ ਨਾਲ-ਨਾਲ ਕੈਂਪ ‘ਚ ਪਹੁੰਚੇ ਲੋਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਹੋਣ ਵਾਲੇ ਕੈਂਸਰ ਦੇ ਮੁਢਲੇ ਲੱਛਣਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਕੈਂਸਰ ਜਾਗਰੂਕਤਾ, ਪਰਹੇਜ਼ ਅਤੇ ਕੈਂਸਰ ਤੋਂ ਬਚਾ ਲਈ ਸੇਵਨ ਕਰਨ ਸਬੰਧੀ ਸੰਸਥਾ ਵੱਲੋਂ ਛਪਵਾਏ ਪੈਫ਼ਲੇਟ ਵੀ ਵੰਡੇ ਜਾ ਰਹੇ ਹਨ। ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਕੈਂਸਰ ਦਾ ਇਲਾਜ ਸੰਭਵ ਹੈ ਜੇਕਰ ਸਹੀ ਸਮੇਂ ਤੇ ਭਾਵ ਕਿ ਪਹਿਲੇ ਸਟੇਜ਼ ‘ਤੇ ਪਤਾ ਲੱਗ ਸਕੇ ਤੇ ਪੈਫ਼ਲੇਟ ‘ਚ ਦੱਸੇ ਗਏ ਲੱਛਣ ਕਿਸੇ ਨੂੰ ਆਪਣੇ ਸਰੀਰ ਦੇ ਲੱਛਣ ਮੇਲ ਖਾਂਦੇ ਹਨ ਤਾਂ ਬਿਨਾਂ ਦੇਰੀ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਕਿ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਬਚਾ ਹੋ ਸਕੇ। ਜੇਕਰ ਲੋਕ ਕੈਂਸਰ ਦੇ ਮੁਢਲੇ ਲੱਛਣਾਂ ਤੋਂ ਜਾਣੂ ਹੋਣ ਅਤੇ ਕੈਂਸਰ ਦੀ ਪਹਿਲੀ ਸਟੇਜ ਤੇ ਪਤਾ ਲੱਗਣ ਤੇ ਇਲਾਜ ਸੰਭਵ ਹੈ। ਉਹਨਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਵੀ ਕੀਤੀ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰਕੇ ਲੋਕਾਂ ਦੀ ਮਦਦ ਕੀਤੀ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਿਆ ਜਾਵੇ ਜਿਸ ਨੂੰ ਆਉਣ ਵਾਲੇ ਸਮੇਂ ਵਿਚ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

ਇਸ ਮੌਕੇ ਸਕੱਤਰ ਰੈਡ ਕਰਾਸ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦਾ ਮੁੱਖ ਮਕਸਦ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਪਹਿਲੀ ਸਟੇਜ ‘ਤੇ ਪਤਾ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਤੇ ਇਸ ਬਿਮਾਰੀ ਦਾ ਸਹੀ ਢੰਗ ਨਾਲ ਇਲਾਜ ਕਰਵਾਉਣ ਲਈ ਲੋਕਾਂ ‘ਚ ਜਾਗ੍ਰਿਤੀ ਪੈਦਾ ਕਰਨਾ ਹੈ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹੇਗੀ ਕਿ ਆਮ ਲੋਕਾਂ ਨੂੰ ਅਜਿਹੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਉਨ੍ਹਾਂ ਦੀ ਮੱਦਦ ਤੇ ਆ ਸਕੇ।

Leave a Reply

Your email address will not be published. Required fields are marked *