ਪੰਜਾਬਪਟਿਆਲਾ

ਚੰਨੀ ਸਰਕਾਰ ਦੇ ਫ਼ੈਸਲਿਆਂ ਤੋਂ ਪੰਜਾਬ ਵਾਸੀਆਂ ‘ਚ ਖੁਸ਼ੀ ਦੀ ਲਹਿਰ-ਅਰੁਨਾ ਚੌਧਰੀ

ਲਾਲ ਡੋਰੇ ਅਧੀਨ ਰਹਿੰਦੇ ਲੋਕਾਂ ਨੂੰ ਮਿਲੇ ਮਾਲਕਾਨਾ ਹੱਕ-ਮਾਲ ਮੰਤਰੀ

ਪੰਜਾਬ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਆ-ਅਰੁਨਾ ਚੌਧਰੀ

ਰਾਜਪੁਰਾ, 23 ਨਵੰਬਰ:(ਮਧੂਸਾਰ ਬਿਊਰੋ) ਪੰਜਾਬ ਦੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਲੋਕ ਪੱਖੀ ਫ਼ੈਸਲਿਆਂ ਤੋਂ ਪੰਜਾਬ ਵਾਸੀਆਂ ‘ਚ ਖੁਸ਼ੀ ਦੀ ਲਹਿਰ ਹੈ ਅਤੇ ਸੂਬੇ ‘ਚ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਹੀ ਬਣੇਗੀ। ਉਨ੍ਹਾਂ ਕਿਹਾ ਕਿ ਰਾਜ ‘ਚ 36000 ਕੱਚੇ ਮੁਲਾਜਮ ਪੱਕੇ ਕੀਤੇ ਜਾ ਰਹੇ ਹਨ ਅਤੇ ਲਾਲ ਡੋਰੇ ਅਧੀਨ ਰਹਿੰਦੇ ਲੋਕਾਂ ਨੂੰ ਡਰੋਨ ਮੈਪਿੰਗ ਕਰਕੇ ਮੇਰਾ ਘਰ ਮੇਰਾ ਮਾਣ ਸਕੀਮ ਤਹਿਤ ਮਾਲਕਾਨਾ ਹੱਕ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

ਸ੍ਰੀਮਤੀ ਅਰੁਨਾ ਚੌਧਰੀ ਅੱਜ ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਵਿਖੇ ਕਰਵਾਏ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਂਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਸ੍ਰੀਮਤੀ ਗੁਰਮੀਤ ਕੰਬੋਜ, ਨਿਰਭੈ ਸਿੰਘ ਮਿਲਟੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਵੀ ਹਾਜ਼ਰ ਸਨ।

ਪੱਤਰਕਾਰਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਲਈ 1000 ਰੁਪਏ ਦੇਣ ਦੇ ਕੀਤੇ ਐਲਾਨ ‘ਤੇ ਚੁਟਕੀ ਲੈਂਦਿਆਂ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਕੇਜਰੀਵਾਲ, ਨਿਤ ਨਵੇਂ ਸਗ਼ੂਫ਼ੇ ਛੱਡ ਰਹੇ ਹਨ ਪਰੰਤੂ ਆਪਣਣੇ ਐਲਾਨ ਪਹਿਲਾਂ ਦਿੱਲੀ ‘ਚ ਤਾਂ ਲਾਗੂ ਕਰਕੇ ਵਿਖਾਉਣ।
ਮਾਲ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਐਲਾਨ ਬਾਬਤ ਕਿਹਾ ਕਿ ਜਦੋਂ ਇਹ ਕਾਨੂੰਨ ਸੰਸਦ ‘ਚ ਰੱਦ ਹੋਣਗੇ ਤਾਂ ਹੀ ਤਸੱਲੀ ਹੋਵੇਗੀ, ਕਿਉਂਕਿ ਮੋਦੀ ਦੇ ਹੁਣ ਤੱਕ ਦੇ ਸਾਰੇ ਐਲਾਨ ਸ਼ੱਕ ਦੇ ਘੇਰੇ ‘ਚ ਹਨ ਅਤੇ ਉਨ੍ਹਾਂ ਉਪਰ ਨਾ ਹੀ ਕਿਸਾਨਾਂ ਨੂੰ ਵਿਸ਼ਵਾਸ਼ ਹੈ ਅਤੇ ਨਾ ਹੀ ਦੇਸ਼ ਵਾਸੀਆਂ ਨੂੰ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਸਮਝੌਤਾ ਕਰਨ ਦੇ ਸਵਾਲ ਦੇ ਜਵਾਬ ‘ਚ ਆਖਿਆ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਕਾਂਗਰਸ ਪਾਰਟੀ ਆਗਾਮੀ ਚੋਣਾਂ ਲਈ ਇਕਜੁੱਟਤਾ ਨਾਲ ਪੂਰੀ ਤਰ੍ਹਾਂ ਤਿਆਰ ਹੈ।

ਸ੍ਰੀਮਤੀ ਅਰੁਨਾ ਚੌਧਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਲਈ ਰੋਜ਼ਾਨਾ ਅਹਿਮ ਫੈਸਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਇਸ ਵੇਲੇ ਜਿੱਥੇ ਬਿਜਲੀ ਸਾਰੇ ਦੇਸ਼ ਤੋਂ ਸਸਤੀ ਹੈ, ਉਥੇ ਹੀ ਪੈਟਰੋਲ ਤੇ ਡੀਜਲ ਵੀ ਸਭ ਤੋਂ ਸਸਤੇ ਹਨ। ਉਨ੍ਹਾਂ ਕਿਹਾ ਕਿ ਰੇਤਾ ਤੇ ਬਜਰੀ ਦੇ ਰੇਟ ਵੀ ਘਟਾ ਕੇ ਜਿੱਥੇ ਰੇਤ ਮਾਫ਼ੀਆ ਨੂੰ ਨੱਥ ਪਾਈ ਗਈ, ਉਥੇ ਹੀ ਟਰਾਂਸਪੋਰਟ ਮਾਫ਼ੀਆ ਅਤੇ ਕੇਬਲ ਮਾਫ਼ੀਆ ਨੂੰ ਵੀ ਨੱਥ ਪਾਈ ਜਾ ਰਹੀ ਹੈ।

ਸ੍ਰੀਮਤੀ ਅਰੁਨਾ ਚੌਧਰੀ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਜੋ ਕਿਹਾ ਸੀ ਉਹ ਕਰਕੇ ਵਿਖਾ ਦਿੱਤਾ ਹੈ, ਜਿਸ ਲਈ ਲੋਕ ਹੁਣ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ‘ਤੇ ਵਿਸ਼ਵਾਸ਼ ਨਹੀਂ ਕਰਨਗੇ ਕਿਉਂਕਿ ਇਹ ਲੋਕ ਕੇਵਲ ਸਗ਼ੂਫੇ ਹੀ ਛੱਡ ਰਹੇ ਹਨ। ਇਸ ਮੌਕੇ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਸ੍ਰੀਮਤੀ ਚੌਧਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸ੍ਰੀਮਤੀ ਚੌਧਰੀ ਨੇ ਰਾਜਪੁਰਾ ਦੇ ਵਿਕਾਸ ਲਈ 16 ਕਰੋੜ ਰੁਪਏ ਦੇਣ ਦਾ ਅਹਿਮ ਫੈਸਲਾ ਕੀਤਾ ਹੈ ਅਤੇ ਪੈਪਸੂ ਬੋਰਡ ਦੀ ਅਗਲੀ ਮੀਟਿੰਗ ‘ਚ ਹੋਰ ਵੀ ਅਹਿਮ ਫੈਸਲੇ ਕੀਤੇ ਜਾਣਗੇ।

Leave a Reply

Your email address will not be published. Required fields are marked *