ਕੇਜਰੀਵਾਲ ਤੇ ਕਾਂਗਰਸ ਇੱਕੋ ਥਾਲੀ ਦੇ ਚੱਟੇ-ਵੱਟੇ : ਬਿੱਟੂ ਚੱਠਾ
ਲੋਕਾਂ ਨੂੰ ਝੂਠ ਦੇ ਸਬਜਬਾਗ ਦਿਖਾਉਣੇ ਕਰਨ ਬੰਦ
ਪਟਿਆਲਾ, 24 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੋਵੇਂ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਜੋ ਹਰ ਦਿਨ ਲੋਕਾਂ ਨੂੰ ਝੂਠ ਦੇ ਸਬਜਬਾਗ ਦਿਖਾਉਂਦੇ ਰਹਿੰਦੇ ਹਨ। ਬਿੱਟੂ ਚੱਠਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਕਾਲੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਜਸਪਾਲ ਬਿੱਟੂ ਚੱਠਾ ਨੇ ਆਖਿਆ ਕਿ ਲੋਕ ਹੁਣ ਕਾਂਗਰਸ ਤੇ ਆਪ ਦੀਆਂ ਝੂਠੀਆਂ ਨੀਤੀਆਂ ਤੇ ਲੋਕਾਂ ਨੂੰ ਠਗਣ ਦੀ ਵਿਰਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ, ਇਸ ਲਈ ਕੋਈ ਵੀ ਇਨ੍ਹਾਂ ਨੂੰ ਮੂੰਹ ਨਹੀਂ ਲਗਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦਾ ਭਰਵਾਂ ਹੁੰਗਾਰਾ ਸਿਰਫ਼ ਅਕਾਲੀ ਦਲ ਤੇ ਬਸਪਾ ਨੂੰ ਮਿਲ ਰਿਹਾ ਹੈ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਬਸਪਾ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਵੱਡੀ ਜਿੱਤ ਪ੍ਰਾਪਤ ਕਰੇਗੀ ਤੇ ਲੋਕਾਂ ਲਈ ਵਿਕਾਸ ਤੇ ਹੋਰ ਸਹੂਲਤਾਂ ਦੇ ਰਾਹਾਂ ਨੂੰ ਖੋਲੇਗੀ ਅਤੇ ਪੰਜਾਬ ਅੰਦਰੋਂ ਕਾਂਗਰਸ ਤੇ ਆਪ ਨੂੰ ਚੱਲਦਾ ਕਰੇਗੀ।
ਇਸ ਮੌਕੇ ਬਲਵਿੰਦਰ ਸਿੰਘ ਢਿੱਲੋਂ ਰਿਟਾ. ਇੰਸਪੈਕਟਰ, ਮਨਜੀਤ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਢਿੱਲੋਂ, ਦੀਦਾਰ ਸਿੰਘ ਨੰਬੜਦਾਰ ਕਾਲਵਾ, ਸੁਖਵਿੰਦਰ ਸਿੰਘ ਲਾਡੀ (ਕਲੱਬ ਪ੍ਰਧਾਨ), ਜਸਵੀਰ ਸਿੰਘ ਸਾਬਕਾ ਮੈਂਬਰ ਪੰਚਾਇਤ, ਬਲਿਹਾਰ ਸਿੰਘ ਕਾਲਵਾ, ਪ੍ਰਦੀਪ ਸਿੰਘ ਸੰਧੂ, ਨਰਪਿੰਦਰ ਸਿੰਘ ਸੰਧੂ, ਗੁਰਮੁੱਖ ਸਿੰਘ, ਭਗਵੰਤ ਸਿੰਘ ਗੁਰਾਇਆ ਤੇ ਸੁਖਦੇਵ ਸਿੰਘ ਗੁਰਾਇਆ ਨੇ ਬਿੱਟੂ ਚੱਠਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ।

